ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਕੌਮੀ ਰਾਜਧਾਨੀ ਦਿੱਲੀ ਦੇ ਚਾਂਦਨੀ ਚੌਕ ਮੈਟਰੋ ਸਟੇਸ਼ਨ ਨੇੜੇ ਐਤਵਾਰ ਰਾਤ ਨੂੰ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ, ਹਾਲਾਂਕਿ ਇਸ ਘਟਨਾ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਅੱਗ ਕੱਲ੍ਹ ਰਾਤ ਕਰੀਬ 10.30 ਵਜੇ ਲੱਗੀ। ਡਿਪਟੀ ਫਾਇਰ ਅਫ਼ਸਰ ਧਰਮਪਾਲ ਭਾਰਦਵਾਜ ਨੇ ਕਿਹਾ, ‘‘ਸਾਡੇ ਵਾਹਨਾਂ ਨੂੰ ਘਟਨਾ ਵਾਲੀ ਥਾਂ ’ਤੇ ਆਉਣ-ਜਾਣ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਹ 4 ਮੰਜ਼ਿਲਾ ਇਮਾਰਤ ਕੱਪੜਿਆਂ ਨਾਲ ਭਰੀ ਹੋਈ ਸੀ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਮੌਕੇ ’ਤੇ ਕੂਲਿੰਗ ਆਪਰੇਸ਼ਨ ਜਾਰੀ ਸੀ।’’ ਡਿਪਟੀ ਚੀਫ਼ ਫਾਇਰ ਅਫ਼ਸਰ ਸੰਜੇ ਤੋਮਰ ਨੇ ਕਿਹਾ ਕਿ ਇੱਥੇ 35 ਫਾਇਰ ਟੈਂਡਰਾਂ ਦੇ ਨਾਲ 100 ਤੋਂ ਵੱਧ ਫਾਇਰ ਅਫਸਰ ਤਾਇਨਾਤ ਹਨ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ ਬਾਹਰੋਂ ਕੂਲਿੰਗ ਅਪਰੇਸ਼ਨ ਕੀਤਾ ਜਾ ਰਿਹਾ ਹੈ। ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।