ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜੂਨ
ਦਿੱਲੀ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 337 ਮਾਮਲੇ ਸਾਹਮਣੇ ਆਏ ਹਨ ਤੇ 36 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸਰਗਰਮ ਮਾਮਲਿਆਂ ਵਿੱਚ ਵੀ ਕਮੀ ਆਈ ਹੈ ਜੋ ਹੁਣ 4,511 ਹਨ, ਜਦੋਂ ਕਿ ਬੀਤੇ ਦਿਨ ਇਨ੍ਹਾਂ ਦਾ ਅੰਕੜਾ 4,962 ਸੀ। ਦਿੱਲੀ ਵਿੱਚ ਪਾਜ਼ੇਟਿਵ ਦਰ 0.46 ਫ਼ੀਸਦ ਤੱਕ ਪਹੁੰਚ ਗਈ ਹੈ। ਦਿੱਲੀ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਕਰੋਨਾ ਦੇ 337 ਨਵੇਂ ਮਾਮਲੇ ਪਾਜ਼ੇਟਿਵ ਆਏ ਹਨ, ਜਿਸ ਨਾਲ ਦਿੱਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 14,30,128 ਹੋ ਗਈ ਹੈ। ਅੱਜ 36 ਲੋਕਾਂ ਦੀ ਮੌਤ ਨਾਲ ਕੌਮੀ ਰਾਜਧਾਨੀ ਵਿੱਚ ਮਰਨ ਵਾਲਿਆਂ ਦਾ ਅੰਕੜਾ 24704 ਤੱਕ ਪਹੁੰਚ ਗਿਆ ਹੈ। ਸਰਗਰਮ ਮਾਮਲਿਆਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੁਣ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਪੀੜਤ ਲੋਕਾਂ ਤੋਂ ਜ਼ਿਆਦਾ ਹੋਣ ਕਾਰਨ ਸਿਹਤ ਢਾਂਚੇ ਉਪਰ ਮਰੀਜ਼ਾਂ ਦਾ ਦਬਾਅ ਘੱਟਣ ਲੱਗਾ ਹੈ, ਜਿਸ ਤੋਂ ਡਾਕਟਰਾਂ ਤੇ ਹੋਰ ਤਕਨੀਕੀ ਅਮਲੇ ਨੂੰ ਰਾਹਤ ਮਿਲੀ ਹੈ। ਬੀਤੇ 24 ਘੰਟਿਆਂ ਦੌਰਾਨ 752 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ ਹਨ। ਹੁਣ ਤੱਕ 1400913 ਲੋਕ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਮਈ ਦੇ ਸ਼ੁਰੂ ਵਿੱਚ ਰਾਜਧਾਨੀ ਅੰਦਰ ਨਵੇਂ ਮਰੀਜ਼ਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਸੀ। ਹਾਲਾਂਕਿ ਪਿਛਲੇ ਦੋ ਦਿਨਾਂ ਦੌਰਾਨ ਮਰੀਜ਼ਾਂ ਦੀ ਗਿਣਤੀ ਵਧੀ ਹੈ। 7 ਜੂਨ ਨੂੰ 231 ਨਵੇਂ ਮਾਮਲੇ ਆਏ ਸਨ ਜਦੋਂ ਕਿ ਮੰਗਲਵਾਰ ਤੇ ਬੁੱਧਵਾਰ ਨੂੰ ਕ੍ਰਮਵਾਰ 316 ਤੇ 337 ਨਵੇਂ ਮਾਮਲੇ ਪਾਏ ਗਏ। ਸਰਗਰਮ ਮਾਮਲਿਆਂ ਵਿੱਚ ਕਮੀ ਵੀ ਰਾਹਤ ਵਾਲੀ ਖ਼ਬਰ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਖੁੱਲ੍ਹਣ ਮਗਰੋਂ ਕੀ ਮਾਮਲੇ ਮੁੜ ਵਧਦੇ ਹਨ ਤਾਂ ਇਹ ਗੰਭੀਰ ਸਮੱਸਿਆ ਬਣ ਸਕਦੇ ਹਨ ਕਿਉਂਕਿ ਲੋਕ ਬਾਜ਼ਾਰਾਂ ਤੇ ਹੋਰ ਥਾਵਾਂ ਉਪਰ ਮੁੜ ਭੀੜ ਵਧਾਉਣ ਲੱਗੇ ਹਨ ਤੇ ਸਮਾਜਕ ਦੂਰੀ ਦੇ ਨੇਮਾਂ ਦੀ ਅਣਦੇਖੀ ਸ਼ੁਰੂ ਹੋ ਗਈ ਹੈ।
ਟੋਹਾਣਾ (ਪੱਤਰ ਪ੍ਰੇਰਕ): ਇਥੇ ਅੱਜ ਕਰੋਨਾ ਦੇ 29 ਨਵੇਂ ਕੇਸ ਪਾਜ਼ੇਟਿਵ ਆਏ ਹਨ ਤੇ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ 95. 46 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ 60 ਮਰੀਜ਼ਾਂ ਨੂੰ ਛੁੱਟੀ ਦੇਣ ਮਗਰੋਂ ਜ਼ਿਲ੍ਹੇ ਵਿੱਚ ਸਰਗਰਮ ਕੇਸ 356 ਰਹਿ ਗਏ ਹਨ। ਸਿਹਤ ਵਿਭਾਗ ਮੁਤਾਬਿਕ ਫਤਿਹਾਬਾਦ ਵਿੱਚ 5, ਟੋਹਾਣਾ ਵਿੱਚ 3, ਰਤੀਆ ਵਿੱਚ 4, ਭੱਠੁ ਵਿੱਚ 4, ਬੜੋਪਲ ਵਿੱਚ 5, ਭੁਨਾ ਵਿੱਚ 4, ਜਾਖਲ ਵਿੱਚ 4 ਨਵੇਂ ਕੇਸ ਦਰਜ ਕੀਤੇ ਗਏ ਹਨ।