ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੁਲਾਈ
ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਇਲਾਕੇ ਵਿੱਚੋਂ ਲੰਘਦੀ ਨਜਫ਼ਗੜ੍ਹ ਡੇਰਨ ਵਿੱਚੋਂ ਵੱਡੀ ਗਿਣਤੀ ਵਿੱਚ ਮਰੀਆਂ ਮੱਛੀਆਂ ਮਿਲੀਆਂ ਹਨ, ਜਿਨ੍ਹਾਂ ਨਾਲ ਇਲਾਕੇ ਵਿੱਚ ਬਦਬੂ ਫੈਲ ਗਈ ਹੈ। ਦਿੱਲੀ ਸਰਕਾਰ ਦੇ ਧਿਆਨ ਵਿੱਚ ਆਉਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਪਿੰਡ ਝੁਲਝੂਲੀ ਦੇ ਲੋਕਾਂ ਨੇ ਦੱਸਿਆ ਕਿ ਡਰੇਨ ਦਾ ਪ੍ਰਦੂਸ਼ਿਤ ਪਾਣੀ ਪਿੰਡ ਦੇ ਛੱਪੜ ਵਿੱਚ ਜਾ ਮਿਲਿਆ, ਜਿਸ ਕਾਰਨ ਹਰਿਆਣਾ ਦੇ ਰਾਵਤਾ ਤੇ ਧਨਸਾ ਪਿੰਡ ਵਿਚਾਲੇ 5 ਕਿਲੋਮੀਟਰ ਦੇ ਖੇਤਰ ਵਿੱਚ ਡਰੇਨ ਦੀਆਂ ਮਰੀਆਂ ਮੱਛੀਆਂ ਜੰਗਲਾਤ ਮਹਿਕਮੇ ਵੱਲੋਂ ਦੇਖੀਆਂ ਗਈਆਂ। ਮਹਿਕਮੇ ਦੇ ਲੋਕ ਪੌਦੇ ਲਾਉਣ ਬਾਰੇ ਸਰਵੇਖਣ ਕਰਨ ਆਏ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਡਰੇਨ ਵਿੱਚ ਪ੍ਰਦੂਸ਼ਿਤ ਪਾਣੀ ਦੀ ਮਿਕਦਾਰ ਵਧਣ ਕਾਰਨ ਮੱਛੀਆਂ ਮਰੀਆਂ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਪਾਣੀ ਦੇ ਨਮੂਨੇ ਇੱਕਠੇ ਕੀਤੇ ਗਏ ਤੇ ਚਾਰ-ਪੰਜ ਦਿਨਾਂ ਦੌਰਾਨ ਰਿਪੋਰਟ ਆ ਜਾਵੇਗੀ। ਮਰੀਆਂ ਮੱਛੀਆਂ ਅੱਗੇ ਵੇਚਣ ਲਈ ਇੱਕਠੀਆਂ ਕਰਨ ਤੋਂ ਲੋਕਾਂ ਵਿੱਚ ਸਹਿਮ ਹੈ। ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਮਰੀਆਂ ਮੱਛੀਆਂ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੇਚਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਛੱਪੜ ਵਿੱਚੋਂ ਸੱਪ ਨਿਕਲ ਕੇ ਘਰਾਂ ਵਿੱਚ ਦਾਖ਼ਲ ਹੁੰਦੇ ਦੇਖੇ ਗਏ ਹਨ। ਸਿੰਜਾਈ ਤੇ ਹੜ੍ਹ ਰੋਕੂ ਮਹਿਕਮੇ ਦੇ ਪ੍ਰਮੁੱਖ ਸੱਕਤਰ ਆਸ਼ੀਸ਼ ਕੁੰਦਰਾ ਮੁਤਾਬਕ ਮਹਿਕਮੇ ਵੱਲੋਂ ਡਰੇਨ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਵੇਂ ਪਾਣੀ ਜਲ ਜੀਵਾਂ ਲਈ ਖ਼ਤਰਾ ਬਣਿਆ।