ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਦਸੰਬਰ
ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਦੇ ਮੱਦੇਨਜ਼ਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਅੱਜ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ। ਡੀਡੀਐਮਏ ਵੱਲੋਂ ਕਈ ਛੋਟਾਂ ਵੀ ਦਿੱਤੀਆਂ ਗਈਆਂ ਹਨ। ਹਾਲਤ ਨਾ ਸੁਧਰੇ ਤਾਂ ਹੋਰ ਵੀ ਸਖ਼ਤੀ ਹੋ ਸਕਦੀ ਹੈ।
ਕਰਫ਼ਿਊ ਕਾਰਨ ਕਾਰੋਬਾਰੀ ਖ਼ਾਸ ਕਰਕੇ ਰੇਸਟਰਾਂ ਤੇ ਹੋਟਲ ਸਨਅਤ ਨਾਲ ਜੁੜੇ ਵਪਾਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਰਫਿਊ ਕਾਰਨ ਨਵੇਂ ਸਾਲਾਂ ਦੇ ਜਸ਼ਨਾਂ ਦੀ ਤਿਆਰੀ ਉਪਰ ਪਾਣੀ ਫਿਰ ਗਿਆ ਹੈ ਤੇ ਲੌਕਡਾਊਨ ਮਗਰੋਂ ਮੁੜ ਲੀਹਾਂ ’ਤੇ ਆ ਰਹੀ ਮਨੋਰੰਜਨ ਤੇ ਖਾਣ-ਪੀਣ ਦੀ ਸਨਅਤ ਵਿੱਚ ਮੁੜ ਖੜੋਤ ਆ ਗਈ ਹੈ।
ਟੈਂਟ ਤੇ ਕੇਟਰਿੰਗ ਐਸੋਸੀਏਸ਼ਨ ਦੇ ਕੌਮੀ ਜਨਰਲ ਸੱਕਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਮੁੜ ਪੈਰਾਂ ’ਤੇ ਖੜ੍ਹੀ ਹੋ ਰਹੀ ਇਹ ਸਨਅਤ ਮੁੜ ਅਟਕ ਗਈ ਹੈ। ਹੁਣ ਵਿਆਹਾਂ ਦੇ ਸਮਾਗਮ ਦਿੱਲੀ ਐਨਸੀਆਰ ਵਿੱਚ ਦੇਰ ਰਾਤ ਤਕ ਚਲਦੇ ਹਨ ਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਪ੍ਰੀਕਰਮਾ ਰੇਸਟਰਾਂ ਦੇ ਮਾਲਕ ਹਰਮਨਜੀਤ ਸਿੰਘ ਨੇ ਕਿਹਾ ਕਿ ਹਰ ਵਾਰ ਰੇਸਟਰਾਂ ਦੀ ਸਨਅਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ। ਹੋਰ ਖੇਤਰਾਂ ਵਿੱਚ ਨਾਮਾਤਰ ਪਾਬੰਦੀਆਂ ਹੀ ਹਨ। ਉਨ੍ਹਾਂ ਕਿਹਾ ਕਿ ਹਵਾਈ ਉਡਾਣਾਂ ਭਰੀਆਂ ਹੁੰਦੀਆਂ ਹਨ ਤੇ ਬਾਜ਼ਾਰਾਂ ਵਿੱਚ ਅਥਾਹ ਭੀੜ ਦੇਖੀ ਜਾ ਸਕਦੀ ਹੈ। ਰਾਤ ਦੇ ਸਮੇਂ ਜੋ ਲਾਗ ਲੱਗ ਸਕਦੀ ਹੈ, ਉਹ ਦਿਨ ਵੇਲੇ ਵੀ ਲੱਗ ਸਕਦੀ ਹੈ। ਸਮਝ ਨਹੀਂ ਆਉਂਦੀ ਕਿ ਹਰ ਵਾਰ ਰੇਸਟਰਾਂ ਸਨਅਤ ਨੂੰ ਹੀ ਜੁਰਮਾਨਾ ਕਿਉਂ ਲਾ ਦਿੱਤਾ ਜਾਂਦਾ ਹੈ। ਪਹਿਲਾਂ ਹੀ ਲੌਕਡਾਊਨ ਦੇ ਭੰਨ੍ਹੇ ਕਾਰੋਬਾਰ ਅਜੇ ਆਪਣੇ ਪੁਰਾਣੇ ਰੰਗ ਵਿੱਚ ਨਹੀਂ ਆ ਸਕੇ ਤੇ ਹੁਣ ਫਿਰ ਰੋਕਾਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਦਾ ਬੁਨਿਆਦੀ ਢਾਂਚਾ ਦਰੁਸਤ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ।
ਕਰਫਿਊ ਦੌਰਾਨ ਛੋਟਾਂ
ਸਾਲ ਦੇ ਅੰਤਮ ਦਿਨਾਂ ਦੌਰਾਨ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਡੀਡੀਐਮਏ ਦੇ ਹੁਕਮਾਂ ਅਨੁਸਾਰ ਮਰੀਜ਼ਾਂ, ਗਰਭਵਤੀ ਔਰਤਾਂ, ਜ਼ਰੂਰੀ ਵਸਤਾਂ ਖਰੀਦਣ ਲਈ ਬਾਹਰ ਜਾਣ ਵਾਲੇ ਲੋਕ ਤੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਹਵਾਈ ਅੱਡਿਆਂ ’ਤੇ ਜਾਂ ਆਉਣ-ਜਾਣ ਵਾਲੇ ਲੋਕਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾਵੇਗੀ। ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਸਰਕਾਰੀ ਕਰਮਚਾਰੀ, ਜੱਜ ਤੇ ਨਿਆਂਇਕ ਅਧਿਕਾਰੀ, ਮੈਡੀਕਲ ਕਰਮਚਾਰੀ ਤੇ ਮੀਡੀਆ ਕਰਮਚਾਰੀ ਸ਼ਾਮਲ ਹਨ। ਆਂਢ-ਗੁਆਂਢ ਦੀਆਂ ਦੁਕਾਨਾਂ ਤੋਂ ਸਬਜ਼ੀਆਂ, ਦੁੱਧ ਅਤੇ ਹੋਰ ਘਰੇਲੂ ਵਸਤਾਂ ਵਰਗੀਆਂ ਜ਼ਰੂਰੀ ਵਸਤਾਂ ਖਰੀਦਣ ਲਈ ਪੈਦਲ ਜਾਣ ਵਾਲੇ ਲੋਕਾਂ ਨੂੰ ਕਰਫਿਊ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ। ਛੋਟ ਵਾਲੀਆਂ ਸ਼੍ਰੇਣੀਆਂ ਵਿੱਚ ਭੋਜਨ ਜਾਂ ਮੈਡੀਕਲ ਉਤਪਾਦ, ਸਬਜ਼ੀਆਂ, ਡੇਅਰੀ ਉਤਪਾਦ, ਮੀਟ ਅਤੇ ਹੋਰ ਖਾਣ ਵਾਲੇ ਉਤਪਾਦ ਵੇਚਣ ਵਾਲੀਆਂ ਦੁਕਾਨਾਂ, ਫਾਰਮੇਸੀ ਅਤੇ ਦਵਾਈਆਂ ਦੀ ਦੁਕਾਨਾਂ ਲੈ ਕੇ ਜਾਣ ਵਾਲੇ ਡਲਿਵਰੀ ਵਿਅਕਤੀ ਵੀ ਸ਼ਾਮਲ ਹਨ।
ਦਿੱਲੀ ਵਿੱਚ ਕਰੋਨਾ ਦੇ 331 ਨਵੇਂ ਮਾਮਲੇ
ਦਿੱਲੀ ’ਚ ਕੋਵਿਡ-19 ਦੇ 331 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲਾਗ ਦਰ 0.68 ਫੀਸਦ ਤੱਕ ਪਹੁੰਚ ਗਈ ਹੈ। ਦਿੱਲੀ ’ਚ ਹੁਣ ਤੱਕ ਓਮੀਕਰੋਨ ਦੇ 142 ਮਾਮਲੇ ਸਾਹਮਣੇ ਆਏ ਹਨ। ਇਹ ਮੌਜੂਦਾ ਸਮੇਂ ’ਚ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੁਆਰਾ ਰਿਪੋਰਟ ਕੀਤੇ ਗਏ ਓਮੀਕਰੋਨ ਦੇ ਕੇਸਾਂ ਦੀ ਸਭ ਤੋਂ ਵੱਧ ਸੰਖਿਆ ਹੈ। ਮਹਾਰਾਸ਼ਟਰ 141 ਮਾਮਲਿਆਂ ਦੇ ਨਾਲ ਦੂਜੇ ਨੰਬਰ ’ਤੇ ਹੈ। ਰਾਜਧਾਨੀ ’ਚ ਅੱਜ ਕਰੋਨਾਵਾਇਰਸ ਦੇ 331 ਨਵੇਂ ਕੇਸਾਂ ਦੀ ਰਿਪੋਰਟ ਨਾਲ ਜੂਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਲਾਗ ਦੀ ਰੋਜ਼ਾਨਾ ਗਿਣਤੀ 300 ਦੇ ਅੰਕ ਨੂੰ ਪਾਰ ਕਰ ਗਈ ਹੈ। ਛੇ ਜੂਨ ਨੂੰ 381 ਮਾਮਲੇ ਸਾਹਮਣੇ ਆਏ ਸਨ। ਕਰੋਨਾ ਕਾਰਨ ਅੱਜ ਦਿੱਲੀ ਵਿੱਚ ਇਕ ਹੋਰ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 25,106 ਹੋ ਗਈ। ਕਰੋਨਾ ਕਾਰਨ ਹੁਣ ਲਗਾਤਾਰ ਤਿੰਨ ਦਿਨਾਂ ਤੋਂ ਮੌਤਾਂ ਹੋ ਰਹੀਆਂ ਹਨ। ਪਿਛਲੇ ਸੱਤ ਦਿਨਾਂ ’ਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਹਫ਼ਤੇ ਦੌਰਾਨ ਸਿਰਫ ਇੱਕ ਮੌਤ ਦਰਜ ਕੀਤੀ ਗਈ ਸੀ।