ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਮਾਤਾ ਸੁੰਦਰੀ ਕਾਲਜ ਫਾਰ ਵਿਮੈੱਨ ਦੇ ਪੰਜਾਬੀ ਵਿਭਾਗ ਵੱਲੋਂ ਤੀਆਂ ਦਾ ਮੇਲਾ ਲਾਇਆ ਗਿਆ। ਇਸ ਮੇਲੇ ਵਿਚ ਮਹਿੰਦੀ ਲਗਾਉਣਾ, ਕਿੱਕਲੀ, ਪਰਾਂਦੀ ਪਾ ਕੇ ਵਾਲ ਗੁੰਦਣਾ, ਨਹੁੰ ਪਾਲਿਸ਼ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਸਾਉਣ ਮਹੀਨੇ ਨਾਲ ਸਬੰਧਿਤ ਕਵਿਤਾਵਾਂ ਸੁਣਾਈਆਂ। ਗੀਤ ਤੇ ਗਿੱਧਾ ਆਦਿ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਵਿਦਿਆਰਥਣਾਂ ਨੇ ਆਪਣੇ ਹੱਥੀਂ ਤਿਆਰ ਕੀਤੇ ਸਾਮਾਨ ਦੀ ਪ੍ਰਦਰਸ਼ਨੀਆਂ ਵੀ ਲਗਾਈਆਂ। ਇਸ ਦੌਰਾਨ ਪ੍ਰੋਗਰਾਮ ਕਨਵੀਨਰ ਡਾ. ਸਵਰਨ ਜੀਤ ਕੌਰ ਨੇ ਤੀਆਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਕੋ-ਕਨਵੀਨਰ ਡਾ. ਜਗਜੀਤ ਕੌਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਜੱਜਾਂ ਦੀ ਭੂਮਿਕਾ ਡਾ. ਸਰਬਜੀਤ ਕੌਰ, ਡਾ. ਪੂਨਮ, ਡਾ. ਚਰਨਜੀਤ ਕੌਰ ਤੇ ਡਾ. ਮੀਨਾ ਨੇ ਬਾਖੂਬੀ ਨਿਭਾਈ। ਜੇਤੂ ਵਿਦਿਆਰਥਣਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤੇ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਵਿਦਿਆਰਥਣਾਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਕਿੱਕਲੀ ਪਾ ਕੇ ਮੇਲੇ ਦਾ ਖੂਬ ਆਨੰਦ ਮਾਣਿਆ। ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾ. ਅਮਰਬੀਰ ਕੌਰ, ਡਾ. ਇਕਬਾਲ ਕੌਰ, ਡਾ. ਵਿਨਾਕਸ਼ੀ ਸ਼ਰਮਾ, ਡਾ. ਹਰਵਿੰਦਰ ਕੌਰ, ਡਾ. ਹਰਵਿੰਦਰ ਸਿੰਘ ਤੇ ਡਾ. ਮਨੀਸ਼ਾ ਨੇੇ ਮੇਲੇ ਵਿਚ ਆਪਣੀ ਹਾਜ਼ਰੀ ਲਗਾਈ। ਮੇਲੇ ਦੇ ਅਖੀਰ ਵਿੱਚ ਵਿਭਾਗ ਦੀ ਮੁਖੀ ਡਾ. ਗੁਰਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ ਹੈ ਭਵਿੱਖ ਵਿਚ ਵੀ ਇਹ ਹਰ ਸਾਲ ਇਸੇ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਵੇਗਾ। ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਉਤਸ਼ਾ ਦੀ ਸ਼ਲਾਘਾ ਕਰਦਿਆਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।