ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਪਰੈਲ
ਕੇਜਰੀਵਾਲ ਸਰਕਾਰ ਸਾਰੇ ਨਾਗਰਿਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਦਿੱਲੀ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਜਲਦ ਹੀ ਦਵਾਰਕਾ ਦੇ ਸੈਕਟਰ-9 ਸਥਿਤ ਇੰਦਰਾ ਗਾਂਧੀ ਹਸਪਤਾਲ ਨੂੰ ਸੀਟੀ ਸਕੈਨ ਮਸ਼ੀਨ ਤੋਹਫੇ ਵਜੋਂ ਦੇਣ ਜਾ ਰਹੀ ਹੈ। ਇਸ ਮਸ਼ੀਨ ਦੇ ਆਉਣ ਨਾਲ ਦੱਖਣੀ-ਪੱਛਮੀ ਦਿੱਲੀ ਦੇ 22 ਲੱਖ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਲੋਕ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਲੈ ਸਕਣਗੇ ਤੇ ਮਰੀਜ਼ਾਂ ਦੀ ਤੁਰੰਤ ਜਾਂਚ ਕੀਤੀ ਜਾ ਸਕੇਗੀ। ਇੱਥੇ ਅੱਜ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਆਧੁਨਿਕ ਮਸ਼ੀਨਾਂ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਗੀਆਂ। ਇਸ ਤੋਂ ਪਹਿਲਾਂ ਦੀਨ ਦਿਆਲ ਉਪਾਧਿਆਏ ਹਸਪਤਾਲ ਤੇ ਲੋਕ ਨਾਇਕ ਹਸਪਤਾਲ ਵਿੱਚ ਵੀ ਬਿਮਾਰੀਆਂ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੇ ਲੱਗਣ ਤੋਂ ਬਾਅਦ ਜੋ ਟੈਸਟ ਹਜ਼ਾਰਾਂ ਰੁਪਏ ਦੇ ਹੁੰਦੇ ਹਨ ਉਹ ਦਿੱਲੀ ਦੇ ਲੋਕ ਬਿਲਕੁਲ ਮੁਫ਼ਤ ਕਰਵਾ ਸਕਣਗੇ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਜਿਵੇਂ ਕਿ ਡਾਕਟਰ ਦੀ ਸਲਾਹ, ਜਾਂਚ ਤੇ ਇਲਾਜ, ਸਭ ਕੁਝ ਇੱਕੋ ਦਿਨ ਵਿੱਚ, ਇੱਕੋ ਛੱਤ ਹੇਠ ਲੈ ਸਕਣਗੇ। ਇੰਦਰਾ ਗਾਂਧੀ ਹਸਪਤਾਲ ਦੇ ਐੱਮਡੀ ਡਾ. ਬੀਐਲ ਚੌਧਰੀ ਨੇ ਦੱਸਿਆ ਕਿ ਅਗਸਤ ਤੱਕ ਹਸਪਤਾਲ ਦੇ ਮਰੀਜ਼ਾਂ ਨੂੰ ਸਿਟੀ ਸਕੈਨ ਦੀ ਸਹੂਲਤ ਮਿਲ ਜਾਵੇਗੀ | ਦਿੱਲੀ ਸਰਕਾਰ ਵੱਲੋਂ ਸਥਾਪਤ ਇੰਦਰਾ ਗਾਂਧੀ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਓਪੀਡੀ ਜਿਸ ਵਿੱਚ ਮੈਡੀਸਨ, ਬਾਲ ਚਿਕਿਤਸਕ, ਨੇਤਰ ਵਿਗਿਆਨ, ਈਐੱਨਟੀ, ਚਮੜੀ ਵਿਗਿਆਨ, ਸਰਜਰੀ ਅਤੇ ਫਿਜ਼ੀਓਥੈਰੇਪੀ ਕਾਰਜਸ਼ੀਲ ਹੈ। ਹਾਲ ਹੀ ਵਿੱਚ ਹਸਪਤਾਲ ਨੇ ਇੱਥੇ ਐਮਰਜੈਂਸੀ ਸੇਵਾ ਵੀ ਸ਼ੁਰੂ ਕੀਤੀ ਹੈ। ਇੱਥੇ ਕਈ ਪੱਧਰਾਂ ‘ਤੇ ਸਟਾਫ ਦੀ ਭਰਤੀ ਵੀ ਚੱਲ ਰਹੀ ਹੈ।