ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਪਰੈਲ
ਲੌਕਡਾਊਨ ਦਾ ਐਲਾਨ ਹੁੰਦੇ ਹੀ ਦਿੱਲੀ ਵਿੱਚ ਸ਼ਰਾਬ ਦੇ ਸਰਕਾਰੀ ਤੇ ਨਿੱਜੀ ਠੇਕਿਆਂ ਉਪਰ ਸ਼ਰਾਬ ਦੀ ਖਰੀਦਦਾਰੀ ਕਰਨ ਵਾਲਿਆਂ ਦੀ ਭੀੜ ਲੱਗ ਗਈ ਹੈ। ਇਸ ਮੌਕੇ ਸਮਾਜਿਕ ਦੂਰੀਆਂ ਦੀ ਅਣਦੇਖੀ ਕਰਕੇ ਕਈ-ਕਈ ਬੋਤਲਾਂ ਤੇ ਪੇਟੀਆਂ ਸ਼ਰਾਬ ਦੀਆਂ ਖਰੀਦ ਦੇ ਦੇਖੇ ਗਏ ਹਨ। ਸ਼ਰਾਬ ਖਰੀਦਣ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਸੀ। ਇਕ ਔਰਤ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਸ਼ਰਾਬ ਪੀਣ ਨਾਲ ਕਰੋਨਾ ਨਹੀਂ ਹੁੰਦਾ ਤੇ ਟੀਕਾ ਕੋਈ ਕੰਮ ਨਹੀਂ ਕਰਦਾ। ਗੀਤਾ ਕਲੋਨੀ ਦੀ ਸ਼ਿਵਪੁਰੀ ਦੀ ਇਸ ਔਰਤ ਨੇ ਕਿਹਾ ਕਿ ਉਹ 35 ਸਾਲਾਂ ਤੋਂ ਸ਼ਰਾਬ ਦਾ ਇੱਕ ਪੈੱਗ ਪੀਂਦੀ ਆ ਰਹੀ ਹੈ ਤੇ ਅਜੇ ਤੱਕ ਡਾਕਟਰ ਕੋਲ ਨਹੀਂ ਗਈ। ਪੰਜਾਬੀ ਬਾਗ਼ ਦੇ ਇੱਕ ਠੇਕੇ ਉਪਰ ਲੱਗੀ ਕਤਾਰ ਦੁਪਹਿਰ ਤੱਕ ਲੰਬੀ ਹੁੰਦੀ ਗਈ। ਲੋਕ ਪੇਟੀਆਂ, ਬੋਤਲਾਂ, ਅੱਧੇ ਤੇ ਪਊਏ ਜੋ ਵੀ ਮਿਲਿਆ ਘਰਾਂ ਨੂੰ ਲੈ ਗਏ। ਕਈਆਂ ਨੇ ਕਿਹਾ ਕਿ ਲੌਕਡਾਊਨ ਪਤਾ ਨਹੀਂ ਕਿੰਨਾ ਲੰਬਾ ਚੱਲੇ ਇਸ ਲਈ ਜੋ ਵੀ ਮਾਰਕਾ ਮਿਲੇ ਖਰੀਦ ਲਿਆ ਗਿਆ। ਕਈ ਨੌਜਵਾਨਾਂ ਨੇ ਕਿਹਾ ਕਿ ਉਹ ਕਈ ਦਿਨਾਂ ਦਾ ਭੰਡਾਰ ਖਰੀਦ ਕੇ ਲੈ ਜਾ ਰਹੇ ਹਨ। ਜੋ ਪੱਕੇ ਆਦੀ ਹਨ, ਉਨ੍ਹਾਂ ਨੇ ਵੱਧ ਸ਼ਰਾਬ ਖਰੀਦੀ। ਕਈਆਂ ਨੇ ਘਰੇਲੂ ਨੌਕਰ ਕਤਾਰਾਂ ਵਿੱਚ ਖੜ੍ਹੇ ਕੀਤੇ ਹੋਏ ਸਨ। 2020 ਵਿੱਚ ਲੱਗੇ ਲੌਕਡਾਊਨ ਦੌਰਾਨ ਜਦੋਂ ਦਿੱਲੀ ਸਰਕਾਰ ਨੇ ਇਕ ਦਿਨ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਸਨ ਤਾਂ ਖਾਸੀ ਭੀੜ ਠੇਕਿਆਂ ਅੱਗੇ ਇੱਕਠੀ ਹੋ ਗਈ ਸੀ।