ਦਿੱਲੀ ਵਿੱਚ ਕਰੋਨਾਵਾਇਰਸ ਕੰਟਰੋਲ ਹੇਠ: ਕੇਜਰੀਵਾਲ

ਦਿੱਲੀ ਵਿੱਚ ਕਰੋਨਾਵਾਇਰਸ ਕੰਟਰੋਲ ਹੇਠ: ਕੇਜਰੀਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੁਲਾਈ 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਲੀ ਦੇ ਵਾਸੀਆਂ ਨੂੰ ਕੋਵਿਡ-19 ਤੋਂ ਸਾਵਧਾਨ ਰਹਿਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਕਰੋਨਾ ਕੰਟਰੋਲ ਹੇਠ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾਵਾਇਰਸ ਤੋਂ ਪੀੜਤ ਮਰੀਜ਼ ਘੱਟ ਆ ਰਹੇ ਹਨ ਜਦੋਂ ਕਿ ਦਿੱਲੀ ਸਰਕਾਰ ਨੇ ਕਈ ਇਹਤਿਆਤੀ ਕਦਮ ਪੁੱਟੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਦਿੱਲੀ ਵਿੱਚ ਕਰੋਨਾ ਕੰਟਰੋਲ ਹੇਠ ਹੈ ਪਰ ਲੋਕਾਂ ਨੂੰ ਅਜੇ ਸਾਵਧਾਨ ਰਹਿਣਾ ਹੋਵੇਗਾ ਨਹੀਂ ਤਾਂ ਪਿਛਲੇ ਮਹੀਨੇ ਵਾਲੀ ਹਾਲਤ ਬਣ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਹੌਸਲਾ ਦਿੱਤਾ ਕਿ ਜਿਸ ਭਿਆਨਕ ਹਾਲਤ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਹੁਣ ਉਹ ਹਾਲਾਤ ਨਹੀਂ ਜਾਪਦੇ ਕਿਉਂਕਿ ਹੁਣ ਜਾਂਚ ਦੌਰਾਨ ਇੰਨੇ ਪਾਜ਼ੇਟਿਵ ਮਰੀਜ਼ ਨਹੀਂ ਆਉਂਦੇ ਜਿੰਨੇ ਪਹਿਲਾਂ ਆਉਂਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਲੋਕ ਤੇਜ਼ੀ ਨਾਲ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਾਪਦਾ ਸੀ ਕਿ ਦਿੱਲੀ ਵਿੱਚ 30 ਜੂਨ ਤੱਕ ਇਕ ਲੱਖ ਕਰੋਨਾਵਾਇਰਸ ਨਾਲ ਜੁੜੇ ਮਾਮਲੇ ਆਉਣਗੇ ਪਰ ਹੁਣ ਅਜਿਹਾ ਨਹੀਂ ਲੱਗਦਾ ਕਿਉਂਕਿ ਫ਼ਿਲਹਾਲ 87 ਹਜ਼ਾਰ ਮਾਮਲੇ ਹਨ ਜਿਨ੍ਹਾਂ ਵਿੱਚੋਂ 58 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ 1 ਜੂਨ ਤੱਕ 60 ਹਜ਼ਾਰ ਸਰਗਰਮ ਮਰੀਜ਼ ਹੋਣ ਦੇ ਕਿਆਸ ਲਾਏ ਗਏ ਸਨ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ ਅਜੇ 60 ਹਜ਼ਾਰ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ 100 ਲੋਕਾਂ ਦੀ ਜਾਂਚ ਦੌਰਾਨ 31 ਲੋਕ ਕਰੋਨਾ ਪਾਜ਼ੇਟਿਵ ਪਾਏ ਜਾਂਦੇ ਸਨ ਹੁਣ ਇਹ ਅੰਕੜਾ 100 ਲੋਕਾਂ ਦੀ ਜਾਂਚ ਪਿੱਛੇ 13 ਮਰੀਜ਼ ਤੱਕ ਹੇਠਾਂ ਆ ਗਿਆ ਹੈ। ਹੁਣ ਦਿੱਲੀ ਵਿੱਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਵੀ ਘਟਣ ਦਾ ਦਾਅਵਾ ਮੁੱਖ ਮੰਤਰੀ ਵੱਲੋਂ ਕੀਤਾ ਗਿਆ।  

ਅਜੇ ਸਭ ਕੁਝ ਨਹੀਂ ਖੋਲ੍ਹਿਆ ਜਾ ਸਕਦਾ: ਮੁੱਖ ਮੰਤਰੀ

ਉਨ੍ਹਾਂ ਦਿੱਲੀ ਵਾਸੀਆਂ ਨੂੰ ਕਿਹਾ ਕਿ ਅਜੇ ਫਿਲਹਾਲ ਸਭ ਕੁਝ ਨਹੀਂ ਖੋਲ੍ਹਿਆ ਜਾ ਸਕਦਾ। ਚੌਕਸ ਤੇ ਸਾਵਧਾਨ ਰਹਿਣ ਦੀ ਲੋੜ ਹੈ। ਹੋ ਸਕਦਾ ਹੈ ਕਿ ਮੁੜ ਕਰੋਨਾ ਦੇ ਮਰੀਜ਼ ਵਧਣ ਲੱਗਣ ਇਸ ਲਈ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਸੋਸ਼ਲ ਮੀਡੀਆ ਦੇ ਮਾਹਰਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ ਲਈ ਕਿਹਾ ਜੋ ਆਖ ਰਹੇ ਹਨ ਕਿ ਹੁਣ ਕਰੋਨਾ ਆਪਣੀ ਟੀਸੀ ਉਪਰ ਪੁੱਜ ਕੇ ਜਾ ਚੁੱਕਾ ਹੈ। ਉਨ੍ਹਾਂ ਅਜਿਹੀਆਂ ਸਲਾਹਾਂ ਅਣਡਿੱਠ ਕਰਕੇ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਕ ਦੂਰੀਆਂ ਦਾ ਖ਼ਿਆਲ ਰੱਖਦੇ ਹੋਏ ਵਾਰ-ਵਾਰ ਹੱਥ ਧੋਣ ਦਾ ਸੱਦਾ ਵੀ ਦਿੱਤਾ।

ਦੱਖਣੀ ਦਿੱਲੀ ਨਿਗਮ ਨੇ ਓਪਨ ਏਅਰ ਰੈਸਤਰਾਂ ਖੋਲ੍ਹਣ ਦੀ ਯੋਜਨਾ ਉਲੀਕੀ

ਯੂਰਪੀ ਮੁਲਕਾਂ ਵਾਂਗ ਹੀ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਓਪਨ ਏਅਰ ਰੈਸਤਰਾਂ ਖੋਲ੍ਹਣ ਸਬੰਧੀ ਮਨਜ਼ੂਰੀ ਦੇਣ ਦੀ ਯੋਜਨਾ ਉਲੀਕੀ ਗਈ ਹੈ। ਕਰੋਨਾਵਾਇਰਸ ਕਾਰਨ ਲੋਕਾਂ ਨੂੰ ਲਾਗ ਘੱਟ ਲੱਗੇ ਇਸ ਲਈ ਇਹ ਯੋਜਨਾ ਉਲੀਕੀ ਜਾ ਰਹੀ ਹੈ ਜਿੱਥੇ ਰੈਸਤਰਾਂ ਦੇ ਬਾਹਰਵਾਰ ਖੁੱਲ੍ਹੀਆਂ ਥਾਵਾਂ ਉਪਰ ਲੋਕ ਮਿੱਠੇ ਤੇ ਹਲਕੇ ਸੰਗੀਤ ਦੇ ਮਾਹੌਲ ਵਿੱਚ ਖਾਣੇ ਦਾ ਆਨੰਦ ਲੈ ਸਕਣਗੇ ਪਰ ਸ਼ੋਰ-ਸ਼ਰਾਬੇ ਵਾਲਾ ਸੰਗੀਤ ਵਜਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਆਮ ਰਾਹ ਵਿੱਚ ਕੋਈ ਰੁਕਾਵਟ ਪਾਉਣ ਦਿੱਤੀ ਜਾਵੇਗੀ। ਇਸ ਸਮੇਂ ਦੱਖਣੀ ਦਿੱਲੀ ਵਿੱਚ ਕਰੀਬ ਦੋ ਹਜ਼ਾਰ ਖਾਣਾ ਪਰੋਸਣ ਵਾਲੀਆਂ ਥਾਵਾਂ ਜਾਂ ਰੈਸਤਰਾਂ ਹਨ ਜੋ ਇਸ ਯੋਜਨਾ ਤੋਂ ਲਾਭ ਲੈ ਸਕਣਗੇ।  ਜਿਨ੍ਹਾਂ ਕੋਲ ਪਹਿਲਾਂ ਹੀ ਖਾਣੇ ਨਾਲ ਜੁੜੇ ਲਾਈਸੈਂਸ ਹੋਣਗੇ ਉਨ੍ਹਾਂ ਨੂੰ ਹੀ ਇਸ ਯੋਜਨਾ ਤਹਿਤ ਖੁੱਲ੍ਹੀ ਥਾਂ ਉਪਰ ਖਾਣਾ ਵਰਤਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।   ਸੰਬਧਤ ਕਮੇਟੀ ਵੱਲੋਂ ਅੱਗੇ ਯੋਜਨਾ ਨੂੰ ਤੋਰਿਆ ਜਾ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All