ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਦਿੱਲੀ ਦੇ ਰਾਮਗੜ੍ਹੀਆ ਭਾਈਚਾਰੇ ਦੇ ਕੁਝ ਆਗੂਆਂ ਦੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਮਿਲਣ ਦੀ ਤਸਵੀਰ ਵਾਇਰਲ ਹੋਣ ਮਗਰੋਂ ਉਨ੍ਹਾਂ ਆਗੂਆਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਰਾਮਗੜ੍ਹੀਆ ਭਾਈਚਾਰੇ ਦੀ ਵੱਡੀ ਤੇ ਅਹਿਮ ਸੰਸਥਾ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਵੱਲੋਂ ਵੀ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ, ‘ਜੋ ਆਗੂ ਨਰੇਂਦਰ ਤੋਮਰ ਨੂੰ ਮਿਲੇ ਸਨ ਉਹ ਉਨ੍ਹਾਂ ਦਾ ਨਿੱਜੀ ਮਸਲਾ, ਕੋਈ ਸਮੱਸਿਆ, ਤਕਲੀਫ਼ ਵਿਚਾਰ ਜਾਂ ਕੋਈ ਹੋਰ ਮਕਸਦ ਹੋ ਸਕਦਾ ਹੈ ਜਿਸ ਦੀ ਰਾਮਗੜ੍ਹੀਆ ਬਿਰਾਦਰੀ ਤੇ ਵਿਸ਼ਵਕਰਮਾ ਫੈਡਰੇਸ਼ਨ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੀ ਇਸ ਮੀਟਿੰਗ ਨਾਲ ਫੈਡਰੇਸ਼ਨ ਤੇ ਰਾਮਗੜ੍ਹੀਆ ਭਾਈਚਾਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ’ ਫੈਡਰੇਸ਼ਨ ਨੇ ਸਪੱਸ਼ਟ ਕੀਤਾ ਕਿ ਸ੍ਰੀ ਤੋਮਰ ਕਿਸਾਨਾਂ ਤੇ ਸਿੱਖਾਂ ਬਾਰੇ ਘਟੀਆ ਟਿੱਪਣੀਆਂ ਕਰਦੇ ਰਹਿੰਦੇ ਹਨ। ਇਸ ਲਈ ਫੈਡਰੇਸ਼ਨ ਵੱਲੋਂ ਸ੍ਰੀ ਤੋਮਰ ਦਾ ਵਿਰੋਧ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਵਾਇਰਲ ਤਸਵੀਰ ’ਚ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਬੱਬੂ, ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰ ਸਿੰਘ ਗਾਗੀ ਤੇ ਹੋਰ ਲੋਕ ਸ੍ਰੀ ਤੋਮਰ ਨਾਲ ਨਜ਼ਰ ਆ ਰਹੇ ਹਨ। ਰਾਮਗੜ੍ਹੀਆ ਬੋਰਡ ਦਿੱਲੀ ਦੇ ਆਗੂਆਂ ਨੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਦਿੱਲੀ ਕਮੇਟੀ ਚੋਣਾਂ ’ਚ ਸਮਰਥਨ ਕਰਨ ਦਾ ਐਲਾਨ ਵੀ ਕੀਤਾ ਸੀ ਇਸ ਕਰਕੇ ਇਹ ਮਾਮਲਾ ਕਮੇਟੀ ਚੋਣਾਂ ਦੌਰਾਨ ਭਖ਼ ਸਕਦਾ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਮੁੱਧੜ ਸਮੇਤ ਹੋਰ ਆਗੂਆਂ ਨੇ ਉਕਤ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਇੰਦਰਜੀਤ ਸਿੰਘ ਬੱਬੂ ਮੁਤਾਬਕ ਖੇਤੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਮਸਲਾ ਹੱਲ ਕੀਤਾ ਜਾਵੇਗਾ।