ਨਵੀਂ ਦਿੱਲੀ, 23 ਅਪਰੈਲ
ਕਰੋਨਾ ਮਹਾਮਾਰੀ ਦੇ ਕੌਮੀ ਰਾਜਧਾਨੀ ’ਚ ਹਾਲਾਤ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਹੋਈ ਬੈਠਕ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਕੀਤੇ ਜਾਣ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਕੇਜਰੀਵਾਲ ’ਤੇ ਦਿੱਲੀ ਦੇ ਹਾਲਾਤ ਨਾ ਸੰਭਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਿਆਸਤ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਬੈਠਕ ’ਚ ਨਿੱਜੀ ਵਾਰਤਾ ਨੂੰ ਜੱਗ ਜ਼ਾਹਿਰ ਕਰਕੇ ਉਨ੍ਹਾਂ ਹੇਠਲੇ ਪੱਧਰ ਦੀ ਸਿਆਸਤ ਕੀਤੀ ਹੈ। ਕੇਂਦਰ ਸਰਕਾਰ ਦੇ ਸੂਤਰ ਨੇ ਕਿਹਾ,‘‘ਕੇਜਰੀਵਾਲ ਦੇ ਪੂਰੇ ਭਾਸ਼ਣ ’ਚ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਸੀ ਸਗੋਂ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਸਿਆਸਤ ਖੇਡ ਰਹੇ ਸਨ। ਸਾਰੇ ਮੁੱਖ ਮੰਤਰੀਆਂ ਨੇ ਹਾਲਾਤ ’ਚ ਸੁਧਾਰ ਬਾਰੇ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ ਪਰ ਉਨ੍ਹਾਂ ਇਸ ਬਾਰੇ ਕੁਝ ਵੀ ਨਹੀਂ ਕਿਹਾ।’’ ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਦਾ ਪ੍ਰਤੀਕਰਮ ਪ੍ਰਧਾਨ ਮੰਤਰੀ ਨੂੰ ਠੀਕ ਨਹੀਂ ਲੱਗਾ। ‘ਕੇਜਰੀਵਾਲ ਨੇ ਆਕਸੀਜਨ ਉਡਾਣਾਂ ਰਾਹੀਂ ਮੁਹੱਈਆ ਕਰਾਉਣ ਦਾ ਨੁਕਤਾ ਉਠਾਇਆ ਪਰ ਉਹ ਨਹੀਂ ਜਾਣਦੇ ਸਨ ਕਿ ਇਹ ਪਹਿਲਾਂ ਤੋਂ ਹੀ ਹੋ ਰਿਹਾ ਹੈ। ਉਨ੍ਹਾਂ ਰੇਲਵੇ ਵੱਲੋਂ ਆਕਸੀਜਨ ਐਕਸਪ੍ਰੈੱਸ ਬਾਰੇ ਗੱਲ ਕੀਤੀ ਪਰ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਕੇਜਰੀਵਾਲ ਨੇ ਮੰਤਰਾਲੇ ਨਾਲ ਇਸ ਬਾਰੇ ਕੋਈ ਸੰਪਰਕ ਨਹੀਂ ਕੀਤਾ ਹੈ।’ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਤਿੱਖੇ ਪ੍ਰਤੀਕਰਮ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਇਸ ਬਾਰੇ ਕੋਈ ਨਿਰਦੇਸ਼ ਨਹੀਂ ਸਨ ਕਿ ਭਾਸ਼ਣ ਦਾ ਸਿੱਧਾ ਪ੍ਰਸਾਰਣ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਕਈ ਮੌਕਿਆਂ ’ਤੇ ਭਾਸ਼ਣਾਂ ਦਾ ਸਿੱਧਾ ਪ੍ਰਸਾਰਣ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਕਿਸੇ ਨੂੰ ਕੋਈ ਅਸੁਵਿਧਾ ਹੋਈ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। -ਪੀਟੀਆਈ
ਦਿੱਲੀ ਨੇ ‘ਆਕਸੀਜਨ ਐਕਸਪ੍ਰੈੱਸ’ ਰੇਲਗੱਡੀ ਰਾਹੀਂ ਆਕਸੀਜਨ ਸਪਲਾਈ ਦੀ ਮੰਗ ਪੂਰੀ ਕਰਨ ਲਈ ਕਿਹਾ
ਨਵੀਂ ਦਿੱਲੀ: ਮੈਡੀਕਲ ਆਕਸੀਜਨ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੀ ਦਿੱਲੀ ਸਰਕਾਰ ਨੇ ਰੇਲਵੇ ਨੂੰ ‘ਆਕਸੀਜਨ ਐਕਸਪ੍ਰੈੱਸ’ ਰੇਲਗੱਡੀਆਂ ਰਾਹੀਂ ਆਕਸੀਜਨ ਸਪਲਾਈ ਕਰਨ ਦੀ ਮੰਗ ਕੀਤੀ ਹੈ। ਦਿੱਲੀ ਨੂੰ ਰੂੜਕੇਲਾ ਤੋਂ ਆਕਸੀਜਨ ਦੀ ਸਪਲਾਈ ਹੋ ਸਕਦੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਦੇ ਕੁਝ ਮਿੰਟਾਂ ਮਗਰੋਂ ਹੀ ਦਿੱਲੀ ਸਰਕਾਰ ਨੇ ਰੇਲਵੇ ਨੂੰ ਇਹ ਬੇਨਤੀ ਕੀਤੀ ਹੈ। ਮੀਟਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਕੌਮੀ ਰਾਜਧਾਨੀ ’ਚ ਮੈਡੀਕਲ ਆਕਸੀਜਨ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਸੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਬਾਅਦ ਦਿੱਲੀ ਸਰਕਾਰ ਨੇ ‘ਆਕਸੀਜਨ ਐਕਸਪ੍ਰੈੱਸ’ ਦੀਆਂ ਸੇਵਾਵਾਂ ਲੈਣ ਦੀ ਬੇਨਤੀ ਕੀਤੀ ਹੈ। ਆਕਸੀਜਨ ਐਕਸਪ੍ਰੈੱਸ ਦੇ ਹਰੇਕ ਟੈਂਕਰ ’ਚ ਕਰੀਬ 16 ਟਨ ਮੈਡੀਕਲ ਆਕਸੀਜਨ ਹੁੰਦੀ ਹੈ। -ਪੀਟੀਆਈ