ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਡੀਟੀਸੀ ਵਿੱਚ 4288 ਕਰੋੜ ਦੇ ਭ੍ਰਿਸ਼ਟਾਚਾਰ ਦਾ ਕਾਂਗਰਸ ਵੱਲੋਂ ਪਹਿਲਾਂ ਹੀ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਦੀ ਸੀਬੀਆਈ ਜਾਂਚ ਕਰ ਰਹੀ ਹੈ। ਡੀਟੀਸੀ ਵਿੱਚ ਸਲਾਹਕਾਰ ਦੇ ਅਹੁਦੇ ਲਈ ਦੋ ਉਮੀਦਵਾਰਾਂ ਦੀ ਨਿਯੁਕਤੀ ਲਈ ਸੀਬੀਆਈ ਵੱਲੋਂ ਡੀਟੀਸੀ ਦੇ ਡਿਪਟੀ ਚੀਫ਼ ਜਨਰਲ ਮੈਨੇਜਰ ਸਮੇਤ ਪੰਜ ਹੋਰ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਕੇਜਰੀਵਾਲ ਸਰਕਾਰ ਵਿੱਚ ਭ੍ਰਿਸ਼ਟਾਚਾਰ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ। ਪ੍ਰਧਾਨ ਨੇ ਦੱਸਿਆ ਕਿ ਸੀਬੀਆਈ ਦੀ ਜਾਂਚ ਦੌਰਾਨ ਡਿਪਟੀ ਚੀਫ਼ ਜਨਰਲ ਮੈਨੇਜਰ ਅਤੇ ਰੀਜਨਲ ਮੈਨੇਜਰ (ਉੱਤਰੀ) ਨੂੰ ਡੀਟੀਸੀ ਵਿੱਚ ਦੋ ਉਮੀਦਵਾਰਾਂ ਨੂੰ ਸਲਾਹਕਾਰ ਵਜੋਂ ਨਿਯੁਕਤ ਕਰਨ ਦੇ ਬਦਲੇ 91 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਦੀ ਸ਼ਹਿ ਹੇਠ ਰਿਸ਼ਵਤ ਲੈਣ ਦੀ ਸਾਜ਼ਿਸ਼ ਚੱਲ ਰਹੀ ਹੈ। ਰਿਸ਼ਵਤ ਕਾਂਡ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅਧਿਕਾਰੀਆਂ ਦੇ ਦਿੱਲੀ, ਗੁਰੂਗ੍ਰਾਮ ਤੇ ਸੋਨੀਪਤ ਸਮੇਤ ਹੋਰ ਟਿਕਾਣਿਆਂ ’ਤੇ ਮੁਲਜ਼ਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪ੍ਰਧਾਨ ਨੇ ਕਿਹਾ ਕਿ 21 ਜੂਨ ਨੂੰ ਉਪ ਰਾਜਪਾਲ ਦੇ ਹੁਕਮਾਂ ’ਤੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਮੁੱਖ ਮੰਤਰੀ ਦਫ਼ਤਰ ’ਚ ਕੰਮ ਕਰ ਰਹੇ ਡਿਪਟੀ ਸਕੱਤਰ, ਦੋ ਐੱਸ.ਡੀ.ਐੱਮਜ਼ ਤੇ ਇਕ ਸਬ-ਰਜਿਸਟਰਾਰ ਨੂੰ ਮੁਅੱਤਲ ਕਰਨਾ ਪਿਆ ਸੀ ਜਦੋਂ ਕਿ ਕੇਜਰੀਵਾਲ ਜੇਲ੍ਹ ਮੰਤਰੀ ਸਤੇਂਦਰ ਜੈਨ ਨੂੰ ਬਚਾਉਣ ਲਈ ਖੁਦ ਲਾਮਬੰਦ ਹਨ ਤੇ ਉਨ੍ਹਾਂ ਭ੍ਰਿਸ਼ਟ ਸਿਆਸਤਦਾਨਾਂ ਤੇ ਅਧਿਕਾਰੀਆਂ ਨੂੰ ਦੇਸ਼ ਭਗਤ ਕਿਹਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ’ਤੇ ਕਾਬੂ ਪਾਉਣ ’ਤੇ ਉਪ ਰਾਜਪਾਲ ਦੀ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਵੱਧ-ਫੁੱਲ ਰਿਹਾ ਹੈ।