ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜਨਵਰੀ
ਦਿੱਲੀ ਨਗਰ ਨਿਗਮ ਦੀਆਂ ਅਗਲੇ ਮਹੀਨਿਆਂ ਦੌਰਾਨ ਹੋਣ ਵਾਲੀਆਂ ਚੋਣਾਂ ਲਈ ਨਿਗਮ ਦੇ ਵਾਰਡਾਂ ਦੇ ਰਾਖਵਾਂਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਚੋਣਾਂ ਤੋਂ ਪਹਿਲਾਂ ਦਿੱਲੀ ਵਿੱਚ 46 ਵਾਰਡਾਂ ਨੂੰ ਜਨਰਲ ਤੋਂ ਰਾਖਵਾਂ ਕਰਨ ਤੇ ਪਹਿਲਾਂ ਰਾਖਵੇਂ ਵਾਰਡਾਂ ਨੂੰ ਜਨਰਲ ਜਾਂ ਹੋਰ ਵਰਗ ਲਈ ਰਾਖਵਾਂ ਕਰਨ ਨਾਲ ਸਿਆਸੀ ਆਗੂਆਂ ਲਈ ਸਮੀਕਰਨ ਵਿਗੜ ਗਏ ਹਨ। ਚੋਣ ਅਧਿਕਾਰੀਆਂ ਵੱਲੋਂ ਤਿੰਨਾਂ ਨਿਗਮਾਂ ਦੇ 272 ਵਾਰਡਾਂ ਦੀ ਤਬਦੀਲੀ ਕੀਤੀ ਗਈ ਹੈ।
ਦੱਖਣੀ ਦਿੱਲੀ ਨਗਰ ਨਿਗਮ ਦੇ ਕੁੱਲ 104 ਵਾਰਡਾਂ ਵਿੱਚੋਂ 15, ਉੱਤਰੀ ਦਿੱਲੀ ਦੇ ਕੁੱਲ 104 ਵਾਰਡਾਂ ਵਿੱਚੋਂ 20 ਤੇ ਪੂਰਬੀ ਦਿੱਲੀ ਨਗਰ ਨਿਗਮ ਦੇ ਕੁੱਲ 64 ਵਾਰਡਾਂ ਵਿੱਚੋਂ 11 ਵਾਰਡਾਂ ਨੂੰ ਸੰਵਿਧਾਨ ਮੁਤਾਬਕ ਐੱਸਸੀ/ਐੱਸਟੀ ਤੇ ਮਹਿਲਾ ਵਾਰਡਾਂ ਵਿੱਚ ਬਦਲਿਆ ਹੈ।
ਮਹਿਲਾ ਵਾਰਡਾਂ ਦਾ ਰਾਖਵਾਂ ਕਰਨ ਦਾ ਅੰਕੜਾ ਕਰੀਬ 50 ਫ਼ੀਸਦੀ ਹੈ। ਹੁਣ ਜਨਰਲ ਵਰਗ ਦੇ ਕਈ ਵਾਰਡ ਔਰਤਾਂ ਲਈ ਰਾਖਵੇਂ ਹੋਣ ਕਰਕੇ ਮਰਦ ਚਾਹਵਾਨ ਉਮੀਦਵਾਰਾਂ ਲਈ ਸਮੀਕਰਨ ਬਦਲ ਗਏ ਹਨ ਤੇ ਉਹ ਆਪਣੀਆਂ ਪਤਨੀਆਂ ਜਾਂ ਪਰਿਵਾਰਕ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਰਣਨੀਤੀ ਉਲੀਕਣਗੇ। ਰੋਟੇਸ਼ਨ ਵਿੱਚ ਆਏ ਵਾਰਡਾਂ ਨਾਲ ਦਿੱਲੀ ਨਗਰ ਨਿਗਮਾਂ ਦੇ ਤਿੰਨਾਂ ਮੇਅਰਾਂ ਦੇ ਵਾਰਡ ਵੀ ਪ੍ਰਭਾਵਿਤ ਹੋਏ ਹਨ।
ਨਿਗਮ ਚੋਣਾਂ ਲੜਨ ਵਾਲੇ ਅਕਾਲੀ ਕੌਂਸਲਰ ਵੀ ਪ੍ਰੇਸ਼ਾਨ
ਪਿਛਲੀਆਂ ਚੋਣਾਂ ਦੌਰਾਨ ਭਾਜਪਾ ਨਾਲ ਮਿਲ ਕੇ ਨਿਗਮ ਚੋਣਾਂ ਲੜਨ ਵਾਲੇ ਅਕਾਲੀ ਕੌਂਸਲਰਾਂ ਅੱਗੇ ਵੀ ਪ੍ਰੇਸ਼ਾਨੀ ਹੋ ਗਈ ਹੈ ਕਿਉਂਕਿ ਇਸ ਵਾਰ ਉਨ੍ਹਾਂ ਨੂੰ ਟਿਕਟਾਂ ਲਈ ਕਈ ਪਾਪੜ ਵੇਲਣੇ ਪੈਣਗੇ। ਦਿੱਲੀ ਕਮੇਟੀ ਦੀ ਚੋਣ ਦੌਰਾਨ ਵੀ ਇਸੇ ਕਰਕੇ ਹੀ ਕਈ ਮੈਂਬਰਾਂ ਨੇ ਮੌਜੂਦਾ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤਣਾ ਬਿਹਤਰ ਸਮਝਿਆ ਤਾਂ ਜੋ ਨਿਗਮ ਚੋਣਾਂ ਦੌਰਾਨ ਟਿਕਟ ਲੈ ਸਕਣ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਦਿੱਲੀ ਵਿੱਚ ਵੀ 2020 ਵਿੱਚ ਹੀ ਟੁੱਟ ਗਈ ਸੀ। ਪੁਰਾਣੇ ਗੱਠਜੋੜ ਤਹਿਤ ਅਮਰਜੀਤ ਸਿੰਘ, ਪਰਮਜੀਤ ਸਿੰਘ ਰਾਣਾ, ਹਰਮੀਤ ਸਿੰਘ ਕਾਲਕਾ ਦੀ ਪਤਨੀ ਮਨਪ੍ਰੀਤ ਕੌਰ ਚੋਣਾਂ ਜਿੱਤੇ ਸਨ। ਇਸ ਵਾਰ ਭਾਜਪਾ ਵੱਲੋਂ ਆਪਣੀ ਪਾਰਟੀ ਨਾਲ ਜੁੜੇ ਸਿੱਖ ਆਗੂਆਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ।