ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਨਵੰਬਰ
ਨੈਸ਼ਨਲ ਅਕਾਲੀ ਦਲ ਦੀ ਇਸਤਰੀ ਵਿੰਗ ਨੇ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਕਾਲੜਾ ਹਸਪਤਾਲ ਦੇ ਐਮ.ਡੀ. ਡਾ.ਆਰ.ਐਨ.ਕਾਲੜਾ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਪਾ ਕੇ ਸਨਮਾਨਿਤ ਕੀਤਾ, ਜਿਨ੍ਹਾਂ ਆਮ ਲੋਕਾਂ ਦੀ ਜਾਨ ਬਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਸੀ| ਇਸ ਮੌਕੇ ਡਾ: ਕਾਲੜਾ ਨੇ ਕਿਹਾ ਕਿ ਉਨ੍ਹਾਂ ਦਾ ਹਸਪਤਾਲ ਆਮ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗਾ ਤੇ ਉਨ੍ਹਾਂ ਦੇ ਇਲਾਜ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ|
ਇਸ ਮੌਕੇ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਡਾ ਕਾਲੜਾ ਨੇ ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਂਮਾਰੀ ਤੋਂ ਪੀੜਤ ਲੋਕਾਂ ਦਾ ਸਮੁੱਚੀ ਟੀਮ ਨਾਲ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਲਾਜ ਕੀਤਾ। ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ ਨੇ ਦੱਸਿਆ ਕਿ ਜਦੋਂ ਮਹਾਂਮਾਰੀ ਦੇ ਇਲਾਜ ਲਈ ਸਾਰੇ ਬੈੱਡ ਭਰ ਚੁੱਕੇ ਸਨ ਤਾਂ ਡਾ: ਕਾਲੜਾ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਨੂੰ ਆਨਲਾਈਨ ਸੇਵਾਵਾਂ ਦਿੱਤੀਆਂ| ਉਨ੍ਹਾਂ ਨੇ ਮਰੀਜ਼ਾਂ ਨੂੰ ਘਰ ਰਹਿ ਕੇ ਹੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਲਈ ਡਾਕਟਰਾਂ ਦੀ ਵੱਖਰੀ ਟੀਮ ਬਣਾ ਕੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੇ ਇਲਾਜ ਬਾਰੇ ਦੱਸਿਆ। ਦੱਸਣਯੋਗ ਹੈ ਕਿ ਕਰੋਨਾ ਕਾਲ ਵਿਚ ਇਕ ਪਾਸੇ ਤਾਂ ਲੋਕਾਂ ਵਲੋਂ ਆਪਣੇ ਸਖੇ ਰਿਸ਼ਤੇਦਾਰਾਂ ਤੋਂ ਮੁਖ ਮੋੜਿਆ ਗਿਆ ਪਰ ਦੂਜੇ ਪਾਸੇ ਕਈ ਸਮਾਜ ਸੇਵੀਆਂ ਨੇ ਕਰੋਨਾ ਪੀੜਤਾਂ ਦੀ ਖੁੱਲ੍ਹ ਕੇ ਮਦਦ ਕੀਤੀ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ।