ਮਨਧੀਰ ਦਿਓਲ
ਨਵੀਂ ਦਿੱਲੀ, 5 ਜੁਲਾਈ
ਕੌਮਂ ਰਾਜਧਾਨੀ ਵਿੱਚ ਕਰੋਨਾ ਵਾਇਰਸ ਦੀ ਲਾਗ ਨਾਲ ਪੀੜਤਾਂ ਦੀ ਗਿਣਤੀ ਇੱਕ ਲੱਖ ਦੇ ਨੇੜੇ ਪਹੁੰਚ ਗਈ ਹੈ, ਜਦੋਂਕਿ 70 ਫ਼ੀਸਦੀ ਮਰੀਜ਼ ਸਿਹਤਯਾਬ ਹੋਏ ਹਨ। ਅਜਿਹੇ ਹਾਲਾਤ ਵਿੱਚ ਦਿੱਲੀ ’ਚ ਹੁਣ ਔਰਤਾਂ ਵੀ ਪਲਾਜ਼ਮਾ ਦਾਨ ਕਰਨ ਲੱਗੀਆਂ ਹਨ ਤੇ ਕੌਮੀ ਰਾਜਧਾਨੀ ਦਿੱਲੀ ਦੀ ਪਹਿਲੀ ਅਜਿਹੀ ਦਾਨੀ ਔਰਤ ਨੇ ਹੋਰਨਾਂ ਨੂੰ ਵੀ ਸੱਦਾ ਦਿੱਤਾ ਕਿ ਕਰੋਨਾ ਪੀੜਤਾਂ ਦੀ ਜਾਨ ਬਚਾਉਣ ਲਈ ਉਹ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ। 20 ਸਾਲਾਂ ਦੀ ਪੱਤਰਕਾਰਿਤਾ ਦੀ ਵਿਦਿਆਰਥਣ ਤੇ ਰੋਹਿਣੀ ਦੀ ਰਹਿਣ ਵਾਲੀ ਭੂਮਿਕਾ ਕੋਹਲੀ 20 ਸਾਲ ਨਾਂ ਦੀ ਮੁਟਿਆਰ ਨੂੰ 30 ਮਈ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਉਸ ਨੂੰ ਭਰਾ ਅਰਪਿਤ ਕੋਹਲੀ ਤੋਂ ਲਾਗ ਲੱਗੀ ਸੀ। ਹੁਣ ਭੈਣ-ਭਰਾ ਨੇ ਦੇਸ਼ ਦੇ ਦਿੱਲੀ ਵਿੱਚ ਬਣੇ ਪਲਾਜ਼ਮਾ ਬੈਂਕ ਵਿੱਚ ਕਰੋਨਾ ਦੇ ਇਲਾਜ ਲਈ ਇਹ ਦਾਨ ਕਰਕੇ ਸਹਿਯੋਗ ਦਿੱਤਾ। ਭੂਮਿਕਾ ਨੂੰ ‘ਆਪ’ ਵਿਧਾਇਕ ਰਾਘਵ ਚੱਢਾ ਨੇ ਦਾਨ ਲਈ ਪ੍ਰੇਰਿਆ। ਦਿੱਲੀ ਸਰਕਾਰ ਵੱਲੋਂ ਉਸ ਨੂੰ ਆਉਣ ਜਾਣ ਲਈ ਟੈਕਸੀ ਦਿੱਤੀ ਗਈ ਤੇ ਪਲਾਜ਼ਮਾ ਦਾਨ ਲਈ ਕਰੀਬ 45 ਮਿੰਟ ਦਾ ਸਮਾਂ ਹੀ ਲੱਗਾ। ਅਰਪਿਤ ਤੇ ਭੂਮਿਕਾ ਨੇ ਕਿਹਾ ਕਿ ਇਹ ਕੋਈ ਔਖਾ ਕੰਮ ਨਹੀਂ ਹੈ। ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਸ ਮੁਤਾਬਕ 14 ਦਿਨ ਦਾ ਇਕਾਂਤਵਾਸ ਦਾ ਸਮਾਂ ਮਨੋਵਿਗਿਆਨ ਨਾਲ ਜੁੜਿਆ ਤੇ ਚੁਣੌਤੀਪੂਰਨ ਹੈ। ਉਸ ਨੇ ਆਪਣੀ ਸਹੇਲੀ ਸਰਿਸ਼ਟੀ ਨੂੰ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ ਤੇ ਰਾਘਵ ਚੱਢਾ ਨੇ ਵੀ ਦਾਨੀਆਂ ਦੀ ਤਾਰੀਫ਼ ਕੀਤੀ।
ਕੌਮੀ ਰਾਜਧਾਨੀ ਵਿੱਚ ਜਾਨਲੇਵਾ ਕਰੋਨਾ ਵਾਇਰਸ ਦੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੈ।
ਦਿੱਲੀ ਸਿਹਤ ਮਹਿਕਮੇ ਵੱਲੋਂ ਅੱਜ ਜਾਰੀ ਕੀਤੇ ਗਏ ਕਰੋਨਾ ਦੇ ਅੰਕੜਿਆਂ ਮੁਤਾਬਕ ਕੁੱਲ 99444 ਮਰੀਜ਼ ਹੋ ਗਏ ਹਨ। ਅੱਜ 2244 ਮਰੀਜ਼ ਸਾਹਮਣੇ ਆਏ। ਠੀਕ ਮਰੀਜ਼ਾਂ ਦੀ ਗਿਣਤੀ 71339 ਤੱਕ ਪੁੱਜ ਗਈ ਹੈ। ਅੱਜ 3083 ਮਰੀਜ਼ ਠੀਕ ਹੋ ਘਰਾਂ ਨੂੰ ਪਰਤ ਗਏ। 63 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 70 ਫ਼ੀਸਦੀ ਤੋਂ ਉੱਪਰ ਰਹੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਹੁਣ ਘਰਾਂ ’ਚ ਹੀ ਸਿਹਤਯਾਬ ਹੋ ਰਹੇ ਹਨ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਇੱਕ-ਦੋ ਦਿਨਾਂ ਵਿੱਚ ਇੱਕ ਲੱਖ ਦਾ ਅੰਕੜਾ ਪਾਰ ਕਰ ਜਾਣਗੇ। ਕੇਜਰੀਵਾਲ ਨੇ ਟਵੀਟ ਕੀਤਾ, ‘‘ਦਿੱਲੀ ’ਚ ਹੁਣ ਘੱਟ ਲੋਕਾਂ ਨੂੰ ਹਸਪਤਾਲ ਦਾਖ਼ਲ ਹੋਣ ਦੀ ਜ਼ਰੂਰਤ ਹੈ । ਵੱਧ ਤੋਂ ਵੱਧ ਲੋਕ ਘਰ ਵਿਚ ਠੀਕ ਹੋ ਰਹੇ ਹਨ। ਪਿਛਲੇ ਹਫ਼ਤੇ ਰੋਜ਼ਾਨਾ ਲਗਪਗ 2300 ਨਵੇਂ ਮਰੀਜ਼ ਸਾਹਮਣੇ ਆਏ, ਪਰ ਹਸਪਤਾਲ ਜਾਣ ਵਾਲੇ ਲੋਕਾਂ ਦੇ ਅੰਕੜੇ ’ਚ ਗਿਰਾਵਟ ਹੈ। ਅੱਜ 9900 ਕੋਰੋਨਾ ਬਿਸਤਰੇ ਖਾਲੀ ਹਨ।’’ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਕਿ ਕੌਮੀ ਰਾਜਧਾਨੀ ਵਿਚ ਕਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ ਅਤੇ ਪੀੜਤਾਂ ਨੂੰ ਬਿਹਤਰ ਇਲਾਜ ਦਿੱਤਾ ਜਾ ਸਕੇ। ਪਲਾਜ਼ਮਾ ਥੈਰੇਪੀ ਦੀ ਵਰਤੋਂ ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਛੇਤੀ ਇਲਾਜ ਲਈ ਕੀਤੀ ਜਾ ਰਹੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਫ਼ਿਲਹਾਲ ਦਿੱਲੀ ’ਚ ਬਿਸਤਰਿਆਂ ਦੀ ਕਮੀ ਨਹੀਂ ਹੈ ਤੇ ਸਾਡੇ ਕੋਲ 15000 ਤੋਂ ਵੱਧ ਬਿਸਤਰੇ ਹਨ, ਜਿਨ੍ਹਾਂ ਵਿੱਚੋਂ 5300 ਹੀ ਮਰੀਜ਼ਾਂ ਨਾਲ ਭਰੇ ਹਨ। ਆਈਸੀਯੂ ਦੇ ਬਿਸਤਰੇ ਘੱਟ ਹਨ, ਜੇਕਰ ਕਰੋਨਾ ਦੇ ਮਾਮਲੇ ਵਧਦੇ ਹਨ ਤਾਂ ਇਹ ਆਈਸੀਯੂ ਬਿਸਤਰੇ ਬਹੁਤ ਅਹਿਮੀਅਤ ਰੱਖਦੇ ਹਨ।