ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜਨਵਰੀ
ਦਿੱਲੀ ਵਿੱਚ ਬੀਤੀ 8 ਮਈ ਤੋਂ ਬਾਅਦ ਇਕ ਦਿਨ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਵਧ 17,335 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ 9 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਕਰੋਨਾ ਫੈਲਣ ਦੀ ਦਰ 17.73 ਫੀਸਦ ’ਤੇ ਪਹੁੰਚ ਗਈ ਹੈ। ਇਸਦੇ ਮੱਦੇਨਜ਼ਰ ਸ਼ੁੱਕਰਵਾਰ ਰਾਤ 10 ਵਜੇ ਤੋਂ 55 ਘੰਟੇ ਦਾ ਹਫ਼ਤਾਵਾਰੀ ਕਰਫਿਊ ਸ਼ੁਰੂ ਕੀਤਾ ਗਿਆ ਹੈ। ਹੁਣ ਮੁੜ ਦਿੱਲੀ ਵਾਸੀ ਦੋ ਦਿਨਾਂ ਲਈ ਆਪਣੇ ਘਰਾਂ ’ਚ ਹੀ ਰਹਿਣਗੇ। ਕਰੋਨਾਵਾਇਰਸ ਕੇਸਾਂ ਦੀ ਗਿਣਤੀ ਵਿੱਚ ਵਾਧੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਕਰਫਿਊ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੂਰੇ ਸ਼ਹਿਰ ’ਚ ਕਰਫਿਊ ਨੂੰ ਲਾਗੂ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਹਫ਼ਤਾਵਾਰੀ ਕਰਫਿਊ ਵਿੱਚ ਜ਼ਰੂਰੀ ਸੇਵਾਵਾਂ ’ਚ ਸ਼ਾਮਲ ਲੋਕਾਂ ਤੇ ਛੋਟ ਵਾਲੀਆਂ ਸ਼੍ਰੇਣੀਆਂ ਨੂੰ ਛੱਡ ਕੇ ਆਮ ਲੋਕਾਂ ਦੀ ਆਵਾਜਾਈ 55 ਘੰਟਿਆਂ ਲਈ ਬੰਦ ਰਹੇਗੀ।
ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬਾਹਰ ਜਾਣ ਵਾਲਿਆਂ ਨੂੰ ਸਰਕਾਰ ਦੁਆਰਾ ਜਾਰੀ ਈ-ਪਾਸ ਜਾਂ ਵੈਧ ਪਛਾਣ ਪੱਤਰ ਦਿਖਾਉਣਾ ਹੋਵੇਗਾ। ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਬਾਜ਼ਾਰਾਂ, ਸੜਕਾਂ, ਕਾਲੋਨੀਆਂ ਤੇ ਹੋਰ ਜਨਤਕ ਥਾਵਾਂ ’ਤੇ ਸਖ਼ਤ ਨਿਗਰਾਨੀ ਰੱਖੀ ਗਈ ਹੈ, ਜੇਕਰ ਲੋੜ ਪਈ ਤਾਂ ਇਨਫੋਰਸਮੈਂਟ ਸਕੁਐਡ ਦੀ ਗਿਣਤੀ ਵੀ ਵਧਾਈ ਜਾਵੇਗੀ। ਜ਼ਰੂਰੀ ਕੰਮ ਲਈ ਬਾਹਰ ਜਾਣ ’ਤੇ ਦਿੱਲੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਈ-ਪਾਸ ਲਾਜ਼ਮੀ ਹੋਵੇਗਾ। ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ’ਚ ਸ਼ਾਮਲ ਅਧਿਕਾਰੀ, ਵੱਖ-ਵੱਖ ਦੇਸ਼ਾਂ ਦੇ ਦਫਤਰਾਂ ’ਚ ਤਾਇਨਾਤ ਲੋਕਾਂ ਦੇ ਨਾਲ-ਨਾਲ ਸੰਵਿਧਾਨਿਕ ਅਹੁਦਿਆਂ ਵਾਲੇ ਲੋਕਾਂ ਨੂੰ ਵੈਧ ਪਛਾਣ ਪੱਤਰ ਦਿਖਾਉਣ ’ਤੇ ਕਰਫਿਊ ਦੌਰਾਨ ਆਉਣ-ਜਾਣ ਦੀ ਇਜਾਜ਼ਤ ਹੋਵੇਗੀ।
ਗਰਭਵਤੀ ਔਰਤਾਂ, ਡਾਕਟਰੀ ਤੇ ਸਿਹਤ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦੇ ਨਾਲ-ਨਾਲ ਅਟੈਂਡੈਂਟਾਂ ਨੂੰ ਵੈਧ ਸ਼ਨਾਖਤੀ ਕਾਰਡ ਤੇ ਡਾਕਟਰ ਦੀ ਪਰਚੀ ਦੇ ਉਤਪਾਦਨ ’ਤੇ ਛੋਟ ਦਿੱਤੀ ਜਾਵੇਗੀ। ਡੀਟੀਸੀ ਬੱਸਾਂ ਤੇ ਮੈਟਰੋ ਰੇਲ ਗੱਡੀਆਂ 100 ਫ਼ੀਸਦ ਬੈਠਣ ਦੀ ਸਮਰੱਥਾ ਨਾਲ ਚੱਲਣਗੀਆਂ ਤੇ ਯਾਤਰੀਆਂ ਨੂੰ ਖੜ੍ਹ ਕੇ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਪ੍ਰਕਾਸ਼ ਪੁਰਬ ਸਬੰਧੀ ਕੇਜਰੀਵਾਲ ਸਰਕਾਰ ਨੂੰ ਚਿੱਠੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ 9 ਜਨਵਰੀ ਨੁੰ ਪ੍ਰਕਾਸ਼ ਪੁਰਬ ’ਤੇ ਸੰਗਤਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਦੀ ਖੁੱਲ੍ਹ ਦਿੱਤੀ ਜਾਵੇ। ਕਮੇਟੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਲਈ ਪਹਿਲਾਂ ਤੋਂ ਪ੍ਰਬੰਧ ਕੀਤੇ ਗਏ ਹਨ, ਇਸ ਤਹਿਤ 9 ਜਨਵਰੀ ਨੂੰ ਸਵੇਰ ਤੋਂ ਰਾਤ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਰੂਹਾਨੀ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਦਿੱਲੀ ਸਰਕਾਰ ਨੇ 8 ਅਤੇ 9 ਜਨਵਰੀ ਨੂੰ ਕਰਫਿਊ ਲਗਾਇਆ ਹੋਇਆ ਹੈ, ਜਿਸ ਕਾਰਨ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਵਿਚ ਮੁਸ਼ਕਿਲ ਆਵੇਗੀ।
ਤਾਲਾਬੰਦੀ ਤੋਂ ਪਰਵਾਸੀ ਮਜ਼ਦੂਰ ਘਬਰਾਏ
ਦਿੱਲੀ ਅਤੇ ਇਸ ਦੇ ਗੁਆਂਢੀ ਸ਼ਹਿਰਾਂ ਵਿੱਚ ਕਰੋਨਾਵਾਇਰਸ ਦੇ ਮਾਮਲੇ ਵਧਣ ਕਾਰਨ ਪਰਵਾਸੀ ਮਜ਼ਦੂਰਾਂ ਤੇ ਦਿਹਾੜੀਦਾਰਾਂ ਨੂੰ ਡਰ ਹੈ ਕਿ ਤਾਲਾਬੰਦੀ ਦਾ ਇੱਕ ਹੋਰ ਦੌਰ ਉਨ੍ਹਾਂ ਨੂੰ ਇੱਕ ਗੰਭੀਰ ਵਿੱਤੀ ਸੰਕਟ ਵਿੱਚ ਧੱਕ ਸਕਦਾ ਹੈ, ਜਿਸ ਤੋਂ ਉਹ ਕਦੇ ਵੀ ਠੀਕ ਨਹੀਂ ਹੋ ਸਕਦੇ। ਦਿੱਲੀ ’ਚ ਰਾਤ ਦੇ ਕਰਫਿਊ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ। ਦਿੱਲੀ ਤੋਂ ਇਲਾਵਾ ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ’ਚ ਪਾਬੰਦੀਆਂ ਲਾਗੂ ਹਨ। ਹਾਲਾਂਕਿ ਕੋਈ ਲੌਕਡਾਊਨ ਨਹੀਂ ਲਗਾਇਆ ਗਿਆ ਤੇ ਜ਼ਿਆਦਾਤਰ ਕਾਰੋਬਾਰ, ਜਿਨ੍ਹਾਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪਰਵਾਸੀ ਕਾਮੇ ਕੰਮ ਕਰ ਰਹੇ ਹਨ। ਕਈ ਮਜ਼ਦੂਰਾਂ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਕਾਰੋਬਾਰਾਂ ਵਿੱਚ ਰੁਕਾਵਟ ਬਣੀ ਰਹੀ ਹੈ ਤੇ ਹੁਣ ਫਿਰ ਉਨ੍ਹਾਂ ਲਈ ਮੁਸ਼ਕਲ ਹੋ ਸਕਦੀ ਹੈ।
ਹਫ਼ਤਾਵਾਰੀ ਕਰਫਿਊ ਲਈ ਨਵੇਂ ਨਿਰਦੇਸ਼
ਜੱਜਾਂ, ਨਿਆਂਇਕ ਅਧਿਕਾਰੀਆਂ, ਅਦਾਲਤੀ ਅਮਲੇ ਅਤੇ ਵਕੀਲ, ਡਾਕਟਰ, ਨਰਸਿੰਗ ਸਟਾਫ, ਪੈਰਾ ਮੈਡੀਕਲ ਅਤੇ ਉਹ ਲੋਕ ਜੋ ਹਸਪਤਾਲਾਂ, ਡਾਇਗਨੌਸਟਿਕ ਸੈਂਟਰਾਂ, ਟੈਸਟਿੰਗ ਲੈਬਾਰਟਰੀਆਂ, ਕਲੀਨਿਕਾਂ, ਫਾਰਮੇਸੀਆਂ, ਫਾਰਮਾਸਿਊਟੀਕਲ ਕੰਪਨੀਆਂ ਅਤੇ ਮੈਡੀਕਲ ਆਕਸੀਜਨ ਸਪਲਾਇਰ, ਜੋ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਅੰਤਰ-ਰਾਜੀ ਬੱਸ ਅੱਡਿਆਂ ਤੋਂ ਆਉਣ-ਜਾਣ ਵਾਲੇ ਹਨ, ਨੂੰ ਵੈਧ ਟਿਕਟਾਂ ਦੇ ਉਤਪਾਦਨ ’ਤੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਕਰਿਆਨਾ, ਮੈਡੀਕਲ ਉਪਕਰਨ, ਦਵਾਈ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਰੈਸਤਰਾਂ ਬੰਦ ਰਹਿਣਗੇ ਪਰ ਹੋਮ ਡਿਲਵਿਰੀ ਦੀ ਇਜਾਜ਼ਤ ਹੋਵੇਗੀ। ਈ-ਕਾਮਰਸ ਵਿੱਚ ਸਿਰਫ ਜ਼ਰੂਰੀ ਚੀਜ਼ਾਂ ਦੀ ਹੋਮ ਡਿਲਵਿਰੀ ਦੀ ਆਗਿਆ ਹੋਵੇਗੀ।
ਜਨਤਕ ਆਵਾਜਾਈ ਸਟੇਸ਼ਨਾਂ ’ਤੇ ਮੁਲਾਜ਼ਮ ਤਾਇਨਾਤ
ਦੱਖਣ-ਪੂਰਬੀ ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨਫੋਰਸਮੈਂਟ ਟੀਮਾਂ ਰੇਲਵੇ ਸਟੇਸ਼ਨਾਂ, ਬੱਸ ਸਟੇਸ਼ਨਾਂ, ਮੈਟਰੋ ਸਟੇਸ਼ਨਾਂ ਅਤੇ ਬਾਜ਼ਾਰਾਂ ਦੇ ਨਿਯਮਤ ਚੱਕਰ ਲਗਾਉਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭੀੜ ਨਾ ਹੋਵੇ ਤੇ ਲੋਕ ਬੇਲੋੜੇ ਇਧਰ-ਉਧਰ ਨਾ ਘੁੰਮਣ। ਦਿੱਲੀ ਪੁਲੀਸ ਦੇ ਲੋਕ ਸੰਪਰਕ ਅਧਿਕਾਰੀ ਚਿਨਮੋਏ ਬਿਸਵਾਲ ਦੇ ਅਨੁਸਾਰ, ਕਰਫਿਊ ਨੂੰ ਲਾਗੂ ਕਰਨ ਲਈ ਕੌਮੀ ਰਾਜਧਾਨੀ ਵਿੱਚ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।