ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਈ
ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ ਨੇ ਕਿਹਾ ਕਿ ਅਗਲੇ ਹਫਤੇ ਤੋਂ ਦਿੱਲੀ ਵਿੱਚ 18 ਤੋਂ 44 ਸਾਲ ਦੇ ਨੌਜਵਾਨਾਂ ਦਾ ਟੀਕਾਕਰਨ ਰੋਕਣਾ ਪਵੇਗਾ। ਕੋਵੈਕਸੀਨ ਦੀ ਖੁਰਾਕ ਖਤਮ ਹੋਣ ਤੋਂ ਬਾਅਦ ਸਿਰਫ 3 ਦਿਨਾਂ ਦਾ ਸਟਾਕ ਬਚਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਅੱਜ 45 ਸਾਲ ਤੋਂ ਉਪਰ ਦੀ ਸ਼੍ਰੇਣੀ ਲਈ 60,240 ਖੁਰਾਕਾਂ ਭੇਜੀਆਂ ਹਨ। ਅਜਿਹੀ ਸਥਿਤੀ ਵਿੱਚ ਟੀਕਾਕਰਨ ਕੇਂਦਰ ਦੋ ਦਿਨਾਂ ਲਈ ਬੰਦ ਨਹੀਂ ਹੋਣਗੇ। 18 ਤੋਂ 44 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਟੀਕਾਕਰਨ 3 ਹੋਰ ਦਿਨਾਂ ਲਈ ਦਿੱਲੀ ਵਿੱਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 17 ਮਈ ਨੂੰ ਦਿੱਲੀ ਵਿੱਚ 1,13,142 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। 18 ਤੋਂ 44 ਸਾਲ ਤੱਕ ਦੇ 67,487 ਅਤੇ 45 ਸਾਲ ਤੋਂ ਉਪਰ ਉਮਰ ਵਰਗ ਦੇ 45,655 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਵਿਧਾਇਕ ਨੇ ਕਿਹਾ ਕਿ 45 ਸਾਲ ਤੋਂ ਉਪਰ ਦੀ ਸ਼੍ਰੇਣੀ ਲਈ ਲਗਪਗ 100 ਸਕੂਲਾਂ ਵਿੱਚ ਵਾਕਿੰਗ ਵੈਕਸੀਨ ਕੱਲ੍ਹ ਤੋਂ ਸ਼ੁਰੂ ਹੋਈ ਸੀ। ‘ਵਾਕ-ਇਨ ਸੈਂਟਰਾਂ’ ਨੂੰ ਕੁਝ ਦਿਨਾਂ ਵਿੱਚ ਵਧਾ ਦਿੱਤਾ ਜਾਵੇਗਾ। 45 ਸਾਲਾਂ ਦੀ ਸ਼੍ਰੇਣੀ ਲਈ ਦਿੱਲੀ ਕੋਲ ਚਾਰ ਦਿਨਾਂ ਦਾ ਸਟਾਕ ਬਚਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭੰਡਾਰ ਨਿਰਧਾਰਤ ਸਮੇਂ ਅਨੁਸਾਰ ਮੁਹੱਈਆ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਸਰੀ ਲਹਿਰ ਵਿੱਚ ਬਹੁਤ ਸਾਰੇ ਨੌਜਵਾਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਹਨ ਤੇ ਮੌਤ ਦਰ ਬਹੁਤ ਜ਼ਿਆਦਾ ਹੈ। ਇਸ ਲਈ, 18 ਤੋਂ 44 ਸਾਲਾਂ ਦੀ ਟੀਕਾਕਰਨ ਮਹੱਤਵਪੂਰਨ ਹੈ। ਕੇਂਦਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟੀਕੇ ਦਾ ਭੰਡਾਰ ਉਪਲਬਧ ਕਰਵਾਏ।
ਕਈ ਕੇਂਦਰਾਂ ਵਿੱਚ ਵੈਕਸੀਨ ਖ਼ਤਮ
ਇਥੇ ਦੱਖਣੀ ਦਿੱਲੀ ਦੇ ਕਈ ਟੀਕਾਕਰਨ ਕੇਂਦਰਾਂ ਵਿੱਚ 18 ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾਣ ਵਾਲੀ ਕੋਵੀਸ਼ੀਲਡ ਵੈਕਸੀਨ ਦੀ ਕਮੀ ਆ ਗਈ ਹੈ, ਜਿਸ ਕਰਕੇ ਬੁੱਧਵਾਰ ਨੂੰ ਇਸ ਇਲਾਕੇ ਦੇ ਟੀਕਾਕਰਨ ਕੇਂਦਰਾਂ ਤੋਂ 18-44 ਸਾਲ ਦੇ ਲੋਕਾਂ ਲਈ ਟੀਕਾ ਨਹੀਂ ਲੱਗ ਸਕੇਗਾ। ਇਸ ਇਲਾਕੇ ਵਿੱਚ 3 ਮਈ ਤੋਂ 7 ਕੇਂਦਰਾਂ ਤੇ 35 ਥਾਵਾਂ ਉਪਰ ਉਕਤ ਉਮਰ ਵਰਗ ਲਈ ਟੀਕਾਕਰਨ ਸ਼ੁਰੂ ਹੋਇਆ ਸੀ ਪਰ ਬੀਤੇ ਹਫ਼ਤੇ ਕੋਵੈਕਸੀਨ ਦਾ ਟੀਕਾ ਖਤਮ ਹੋਣ ਕਾਰਨ ਸਿਰਫ਼ 20 ਥਾਵਾਂ ’ਤੇ ਹੀ ਟੀਕਾ ਲਾਇਆ ਜਾ ਰਿਹਾ ਸੀ। ਹੁਣ ਕੋਵੀਸ਼ੀਲਡ ਵੀ ਖਤਮ ਹੋ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਨਵੀਂ ਖੇਪ ਟੀਕਿਆਂ ਦੀ ਆਉਣ ਵਾਲੀ ਹੈ ਤੇ ਉਸ ਮਗਰੋਂ ਹੀ ਪਤਾ ਲੱਗ ਸਕੇਗਾ ਕਿ ਕਿਸ ਦਿਨ ਤੋਂ ਟੀਕਾ ਲਾਉਣਾ ਸ਼ੁਰੂ ਕੀਤਾ ਜਾਵੇਗਾ। ਸਰਕਾਰੀ ਹਾਇਰ ਸੈਕੰਡਰੀ ਚਿਲਡਰਨ ਸਕੂਲ ਨੰਬਰ -1, ਦੱਖਣੀ-ਪੱਛਮੀ ਜ਼ਿਲ੍ਹੇ ਦੇ ਖੇੜਾ ਪਿੰਡ, ਕਾਪਾਸਹੇੜਾ ਵਿਚ ਨਿਗਮ ਪ੍ਰਾਇਮਰੀ ਸਕੂਲ ਅਤੇ ਮਧੂ ਵਿਹਾਰ ਵਿਚ ਨਿਗਮ ਪ੍ਰਾਇਮਰੀ ਪ੍ਰਤਿਭਾ ਸਕੂਲ ਵਿਚ ਮੰਗਲਵਾਰ ਨੂੰ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਹਰੇਕ ਸਾਈਟ ‘ਤੇ 150 ਲੋਕਾਂ ਦਾ ਟੀਕਾਕਰਨ ਯਕੀਨੀ ਬਣਾਇਆ ਗਿਆ ਸੀ।