ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਕੌਮੀ ਰਾਜਧਾਨੀ ਵਿੱਚ ਕਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਹੁਕਮਾਂ ਮਗਰੋਂ ਬਾਜ਼ਾਰਾਂ ‘ਚ ਮੁੜ ਤੋਂ ਸਖਤੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰੋਜਨੀ ਨਗਰ, ਲਾਜਪਤ ਨਗਰ ਤੇ ਨਹਿਰੂ ਪਲੇਸ ਵਰਗੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ‘ਚ ਦੁਕਾਨਦਾਰਾਂ ਨੇ ਕਰੋਨਾ ਤੋਂ ਬਚਾਅ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਰੋਜਨੀ ਨਗਰ ਮਾਰਕੀਟ ਦੇ ਦੁਕਾਨਦਾਰਾਂ ਨੇ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਦੁਕਾਨਾਂ ਅੱਗੇ ਨਿਸ਼ਾਨ ਬਣਾਏ ਹੋਏ ਹਨ। ਸਰੀਰਕ ਦੂਰੀ ਦੀ ਪਾਲਣਾ ਨਾ ਕਰਨ ਵਾਲੇ ਗਾਹਕਾਂ ਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਸਰੋਜਨੀ ਨਗਰ ਮਿਨੀ ਮਾਰਕੀਟ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਵਾ ਨੇ ਕਿਹਾ ਕਿ ਇਸ ਕਾਰਨ ਸਭ ਤੋਂ ਵੱਧ ਮੁਸੀਬਤ ਤੇ ਨੁਕਸਾਨ ਕਾਰੋਬਾਰੀਆਂ ਨੂੰ ਹੋ ਰਿਹਾ ਹੈ। ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਜਿੱਥੇ ਲੋਕਾਂ ਦੀ ਜਾਨ ਨੂੰ ਖਤਰਾ ਹੈ ਉੱਥੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਅਸ਼ੋਕ ਰੰਧਾਵਾ ਨੇ ਕਿਹਾ ਕਿ ਕਰੋਨਾ ਦੀ ਸ਼ੁਰੂਆਤ ਤੋਂ ਹੀ ਸਰੋਜਨੀ ਨਗਰ ਮਾਰਕੀਟ ਜ਼ਿਆਦਾਤਰ ਸਮਾਂ ਬੰਦ ਰਹੀ ਹੈ ਜਿਸ ਕਾਰਨ ਇੱਥੇ ਗਾਹਕਾਂ ਦੀ ਘਾਟ ਪੈਦਾ ਹੋ ਗਈ ਹੈ। ਇਸ ਲਈ ਦੁਕਾਨਦਾਰਾਂ ਨੇ ਹੁਣ ਤੋਂ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਬਾਜ਼ਾਰ ਵਿੱਚ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਕਰੋਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਸਕ ਦੀ ਵਰਤੋਂ ਅਤੇ ਸਰੀਰਕ ਦੂਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਮਾਸਕ ਨਾ ਪਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਹਨ।