ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਪਰੈਲ
ਆਕਸੀਜਨ ਗੈਸ ਤੇ ਕੋਵਿਡ ਬਿਸਤਰਿਆਂ ਦੀ ਘਾਟ ਝੱਲ ਰਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਲੋਕਾਂ ਨੂੰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਦੇਹਾਂ ਨੂੰ ਸ਼ਮਸ਼ਾਨ ਘਾਟਾਂ ਵਿੱਚ ਫੂਕਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਉਹ ਇੱਥੇ ਵੀ ਕਤਾਰਾਂ ਲਾ ਰਹੇ ਹਨ। ਸਿਵਿਆਂ ਵਿੱਚ ਇੱਕੋ ਸਮੇਂ ਕਈ-ਕਈ ਲਾਸ਼ਾਂ ਦਾ ਸਸਕਾਰ ਹੋਣ ਦੇ ਦ੍ਰਿਸ਼ ਇਸ ਖ਼ਤਰਨਾਕ ਮਹਾਂਮਾਰੀ ਦਾ ਮੰਜ਼ਰ ਬਿਆਨ ਕਰ ਰਹੇ ਹਨ।
ਬੀਤੇ ਚਾਰ ਦਿਨਾਂ ਤੋਂ ਰੋਜ਼ਾਨਾ 275 ਤੋਂ 350 ਲੋਕ ਕਰੋਨਾ ਕਾਰਨ ਜਾਨ ਗੁਆ ਬੈਠੇ ਹਨ। ਐਨੀ ਵੱਡੀ ਗਿਣਤੀ ਵਿੱਚ ਲਾਸ਼ਾਂ ਦਾ ਵਿਧੀ ਅਨੁਸਾਰ ਸਸਕਾਰ ਕਰਨਾ ਵੀ ਮੁਸ਼ਕਲ ਹੋ ਚੁੱਕਾ ਹੈ।
ਲਾਸ਼ਾਂ ਫੂਕਣ ਲਈ ਸ਼ਮਸ਼ਾਨ ਘਾਟਾਂ ਵਿੱਚ ਥਾਂ ਦੀ ਕਮੀ ਕਾਰਨ ਹੁਣ ਸਿਵਿਆਂ ਦੀਆਂ ਪਾਰਕਿੰਗ ਵਾਲੀਆਂ ਥਾਵਾਂ ਜਾਂ ਸਿਵਿਆਂ ਦੇ ਨੇੜੇ ਦੇ ਪਾਰਕਾਂ, ਖਾਲੀ ਥਾਵਾਂ ਵਿੱਚ ਮੁਰਦੇ ਫੂਕਣੇ ਪੈ ਰਹੇ ਹਨ। ਇੱਥੋਂ ਤੱਕ ਕਿ ਸਰਾਏ ਕਾਲੇ ਖ਼ਾਂ ਸ਼ਮਸ਼ਾਨ ਘਾਟ ਕੋਲ ਹਰੀ ਪੱਟੀ ਦੀ ਖਾਲੀ ਥਾਂ ਨੂੰ ਮੁਰਦੇ ਫੂਕਣ ਲਈ ਇਸਤੇਮਾਲ ਕਰਨਾ ਪਿਆ ਹੈ। ਇਥੇ ਕਰੀਬ 50 ਨਵੇਂ ਆਰਜ਼ੀ ਥੜ੍ਹੇ ਬਣਾਏ ਗਏ ਹਨ। ਦਿੱਲੀ ਦੇ ਕੁੱਝ ਸਿਵੇ ਹੀ ਤੈਅ ਹਨ ਜਿੱਥੇ ਕੋਵਿਡ-19 ਦਾ ਸ਼ਿਕਾਰ ਬਣੇ ਲੋਕਾਂ ਨੂੰ ਫੂਕਿਆ ਜਾ ਰਿਹਾ ਹੈ। ਉੱਥੇ ਸਿਵਿਆਂ ਦੀ ਸਮਰੱਥਾ ਤੋਂ ਵੱਧ ਦੇਹਾਂ ਦਾ ਸਸਕਾਰ ਰੋਜ਼ਾਨਾ ਕੀਤਾ ਜਾ ਰਿਹਾ ਹੈ। ਪੰਜਾਬੀ ਬਾਗ਼ ਦੇ ਸਿਵੇ ਜੋ ਕਰੋਨਾ ਮ੍ਰਿਤਕਾਂ ਲਈ ਹੀ ਰਾਖਵਾਂ ਹੈ ਉੱਥੇ ਰੋਜ਼ਾਨਾ ਦੇਹਾਂ ਦਾ ਢੇਰ ਲੱਗਦਾ ਹੈ। ਗਾਜ਼ੀਪੁਰ ਦੇ ਸਿਵਿਆਂ ਵਿੱਚ ਪਾਰਕਿੰਗ ਵਾਲੀ ਥਾਂ ’ਤੇ 20 ਹੋਰ ਥੜੇ ਬਣਾਏ ਗਏ। ਵਜ਼ੀਰਾਬਾਦ ਦੇ ਸਿਵਿਆਂ ਵਿੱਚ ਵੀ 10 ਥੜੇ ਬਣਾਏ ਗਏ। ਕਿਉਂਕਿ ਹੁਣ ਸਸਕਾਰ ਸਮੇਂ ਜ਼ਿਆਦਾ ਲੋਕ ਨਹੀਂ ਹੁੰਦੇ ਇਸੇ ਕਰਕੇ ਪਾਰਕਿੰਗ ਵਾਲੀਆਂ ਥਾਵਾਂ ਮੁਰਦੇ ਫੂਕਣ ਲਈ ਵਰਤੀਆਂ ਜਾ ਰਹੀਆਂ ਹਨ। ਦਿੱਲੀ ਦੇ ਸਭ ਤੋਂ ਵੱਡੇ ਨਿਗਮਬੋਧ ਘਾਟ ਦੇ ਸਿਵਿਆਂ ਵਿੱਚ ਬੀਤੇ ਦਿਨੀਂ ਰੋਜ਼ਾਨਾ 200 ਦੇ ਕਰੀਬ ਲਾਸ਼ਾਂ ਦਾ ਸਸਕਾਰ ਕੀਤਾ ਗਿਆ।
ਹਸਪਤਾਲਾਂ ’ਚ ਆਕਸੀਜਨ ਗੈਸ ਦੀ ਕਿੱਲਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋਣ ਕਰਕੇ ਜਿੱਥੇ ਕਰੋਨਾ ਪੀੜਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਉੱਥੇ ਹੀ ਮਰੀਜ਼ਾਂ ਦੇ ਪਰਿਵਾਰਾਂ ਅੱਗੇ ਆਕਸੀਜਨ ਦੇ ਸਿਲੰਡਰਾਂ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ ਹੈ। ਤਾਮੀਰਦਾਰਾਂ ਨੂੰ ਆਪਣੇ ਮੋਢਿਆਂ ਉਪਰ ਗੈਸ ਸਿਲੰਡਰ ਚੁੱਕੀ ਹੋਏ ਹਸਪਤਾਲਾਂ ਦੇ ਨੇੜੇ ਤੇ ਅੰਦਰ ਦੇਖਿਆ ਜਾ ਸਕਦਾ ਹੈ। ਦਿੱਲੀ ਦੇ ਹਸਪਤਾਲਾਂ ਨੂੰ ਅਜੇ ਵੀ ਲੋੜ ਮੁਤਾਬਕ ਆਕਸੀਜਨ ਦੇ ਸਿਲੰਡਰ ਨਹੀਂ ਮਿਲ ਰਹੇ। ਹਾਲਤ ਬਦਤਰ ਹੋਣ ਕਰਕੇ ਲੋਕਾਂ ਵੱਲੋਂ ਆਕਸੀਜਨ ਦੀ ਕਾਲਾ ਬਜ਼ਾਰੀ ਵੀ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਵੀ ਆਕਸੀਜਨ ਸਿਲੰਡਰ ਰੱਖਣੇ ਸ਼ੁਰੂ ਕਰਨ ਕਰਕੇ ਵੀ ਮੰਗ ਤੇ ਪੂਰਤੀ ਦਾ ਸੰਤੁਲਨ ਵਿਗੜ ਚੁੱਕਾ ਹੈ। ਦਿੱਲੀ ਸਰਕਾਰ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਦਿੱਲੀ ਵਿੱਚ ਆਕਸੀਜਨ ਦੀ ਕਮੀ ਨਹੀਂ ਹੈ ਪਰ ਸੂਤਰਾਂ ਮੁਤਾਬਕ ਹੁਣ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਦੀ ਘਾਟ ਹੈ। ਇਸੇ ਦੌਰਾਨ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਨਿਊਯਾਰਕ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ 328 ਆਕਸੀਜਨ ਕੰਟੇਨਰਜ਼ ਦਿੱਲੀ ਲਿਆਂਦੇ ਗਏ। ਹਿਮਾਚਲ ਪ੍ਰਦੇਸ਼ ਵੱਲੋਂ ਵੀ ਦਿੱਲੀ ਨੂੰ ਆਕਸੀਜਨ ਦੇਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਨੂੰ ਸਖ਼ਤ ਚੇਤਾਵਨੀ ਦੇਣੀ ਪਈ ਜਦੋਂ ਉਸ ਦੇ ਧਿਆਨ ਵਿੱਚ ਆਇਆ ਕਿ ਇੱਕ-ਇੱਕ ਲੱਖ ਰੁਪਏ ਵਿੱਚ ਆਕਸੀਜਨ ਸਿਲੰਡਰ ਵੇਚਿਆ ਜਾ ਰਿਹਾ ਹੈ। ਅਦਾਲਤ ਨੇ ਦਿੱਲੀ ਸਰਕਾਰ ਨੂੰ ਸਿਲੰਡਰਾਂ ਦੀ ਕਾਲਾ ਬਜ਼ਾਰੀ ‘ਤੇ ਝਾੜ ਲਾਈ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰ ਦੱਸਦੇ ਹੋਏ ਆਪਣੀਆਂ ਤਾਕਤਾਂ ਇਸਤੇਮਾਲ ਕਰਨ ਲਈ ਕਿਹਾ।
ਡੀਡੀਐਮਏ ਵੱਲੋਂ ਆਫਤ ਪ੍ਰਬੰਧਨ ਲਈ 6 ਮੈਂਬਰੀ ਕਮੇਟੀ ਦਾ ਗਠਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਚੱਲ ਰਹੇ ਤਾਲਾਬੰਦੀ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਜ਼ਰੂਰੀ ਸੇਵਾਵਾਂ ਤੇ ਵਸਤਾਂ ਦੀ ਸਪਲਾਈ ਸੁਚਾਰੂ ਸਪਲਾਈ ਨੂੰ ਯਕੀਨੀ ਬਣਾਉਣ ਲਈ ਛੇ ਮੈਂਬਰੀ ਸ਼ਕਤੀਸ਼ਾਲੀ ਸਮੂਹ ਦਾ ਗਠਨ ਕੀਤਾ ਹੈ। ਛੇ ਮੈਂਬਰੀ ਸਮੂਹ ਦੀ ਅਗਵਾਈ ਦਿੱਲੀ ਵਪਾਰ ਤੇ ਕਰ ਕਮਿਸ਼ਨਰ ਅੰਕੁਰ ਗਰਗ ਕਰਨਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਵਿੱਚ ਤਾਲਾਬੰਦੀ ਨੂੰ ਇੱਕ ਹੋਰ ਹਫ਼ਤੇ ਲਈ ਵਧਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਕੋਵਿਡ-19 ਦੀ ਸਥਿਤੀ ਗੰਭੀਰ ਹੈ ਤੇ ਪਿਛਲੇ ਕੁਝ ਦਿਨਾਂ ਵਿੱਚ ਪਾਜ਼ੇਟਿਵ ਦਰ 36% ਤੱਕ ਉੱਚੀ ਰਹੀ ਹੈ।