ਨਵੀਂ ਦਿੱਲੀ, 8 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਸਕੱਤਰ ਤੋਂ ਸ਼ਹਿਰ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਵਿਡ-19 ਕਾਰਨ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਕਾਰਕਾਂ ਬਾਰੇ ਵਿਸਥਾਰਪੂਰਵਕ ਵਿਸ਼ਲੇਸ਼ਣ ਰਿਪੋਰਟ ਮੰਗੀ ਹੈ। ਇਸ ਸਬੰਧੀ ਅਧਿਕਾਰੀਆਂ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਅਨੁਸਾਰ ਦਿੱਲੀ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਵਿਡ-19 ਕਾਰਨ 800 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 397 ਵਿਅਕਤੀ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਇਸ ਬਿਮਾਰੀ ਨਾਲ ਮਰ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਰਿਪੋਰਟ ਮੰਗਣ ਦਾ ਉਦੇਸ਼ ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਨੂੰ ਘਟਾਉਣ ਲਈ ਹਰ ਸੰਭਵ ਕਦਮ ਚੁੱਕਣਾ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਹੁਣ ਤੱਕ ਦਿੱਲੀ ਵਿੱਚ ਕੁੱਲ 3,165 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਇਸ ਮਾਰੂ ਬਿਮਾਰੀ ਨਾਲ ਪਹਿਲੀ ਮੌਤ 14 ਮਾਰਚ ਨੂੰ ਹੋਈ ਸੀ ਅਤੇ ਇਕ ਮਹੀਨੇ ਦੇ ਅੰਦਰ ਹੀ ਮੌਤਾਂ ਦੀ ਗਿਣਤੀ 1000 ਦੇ ਨੇੜੇ ਪਹੁੰਚ ਗਈ। ਅਗਲੀਆਂ 1000 ਮੌਤਾਂ ਅੱਠ ਦਿਨਾਂ ਵਿੱਚ ਅਤੇ 19 ਜੂਨ ਵਿੱਚ 2,035 ਸਨ। 4 ਜੁਲਾਈ ਨੂੰ ਦਿੱਲੀ ਵਿੱਚ ਕੋਵਿਡ -19 ਤੋਂ ਮਰਨ ਵਾਲਿਆਂ ਦੀ ਗਿਣਤੀ 3,004 ਹੋ ਗਈ। ਉਧਰ ਕਰੋਨਾਵਾਇਰਸ ਨਾਲ ਹੋਈਆਂ ਮੌਤਾਂ ਨੂੰ ਠੱਲ੍ਹਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਤਹਿਤ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਇੱਕ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਹੈ। ਦਿੱਲੀ ਸਰਕਾਰ ਨੇ ਹਸਪਤਾਲਾਂ ਤੋਂ ਛੁੱਟੀ ਮਿਲਣ ’ਤੇ ਮਰੀਜ਼ਾਂ ਤੋਂ ਪਲਾਜ਼ਮਾ ਦਾਨ ਕਰਨ ਦੀ ਉਨ੍ਹਾਂ ਦੀ ਇੱਛਾ ਜਾਣਨ ਦਾ ਫੈਸਲਾ ਲਿਆ ਹੈ। ਪਲਾਜ਼ਮਾ ਥੈਰੇਪੀ ਵਿੱਚ, ਐਂਟੀਬਾਡੀਜ਼ ਵਾਲਾ ਪਲਾਜ਼ਮਾ ਇਕ ਠੀਕ ਹੋਣ ਵਾਲੇ ਮਰੀਜ਼ ਦੇ ਸਰੀਰ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਦੂਜੇ ਮਰੀਜ਼ ਦੇ ਸਰੀਰ ਵਿੱਚ ਚੜ੍ਹਾਇਆ ਜਾਂਦਾ ਹੈ। ਇਹ ਪਤਾ ਲਗਾਉਣ ਲਈ ਟੈਸਟ ਕਰਵਾਏ ਜਾ ਰਹੇ ਹਨ ਕਿ ਕੀ ਐਂਟੀਬਾਡੀਜ਼, ਮਰੀਜ਼ਾਂ ਨੂੰ ਬਿਮਾਰੀ ਤੋਂ ਠੀਕ ਹੋਣ ਵਿੱਚ ਸਹਾਇਤਾ ਕਰਦੇ ਹਨ ਜਾਂ ਨਹੀਂ। ਦਿੱਲੀ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਇਲਾਜ ਵਿੱਚ ਪਲਾਜ਼ਮਾ ਥੈਰੇਪੀ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। -ਪੀਟੀਆਈ
ਗਰਭਵਤੀ ਔਰਤਾਂ ਦੀ ਜਾਂਚ ਰਿਪੋਰਟ ਤੁਰੰਤ ਜਾਰੀ ਕਰਨ ਦੇ ਹੁਕਮ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ‘ਆਪ’ ਸਰਕਾਰ ਨੂੰ ਕਿਹਾ ਹੈ ਕਿ ਗਰਭਵਤੀ ਔਰਤਾਂ ਦੀ ਕੋਵਿਡ-19 ਸਬੰਧੀ ਜਾਂਚ ਕਰਵਾਉਣ ਦੀ ਬੇਨਤੀ ਨੂੰ ਤੁਰੰਤ ਮੰਨਿਆ ਜਾਣਾ ਚਾਹੀਦਾ ਹੈ ਅਤੇ ਰਿਪੋਰਟ ਬਾਰੇ ਵੀ ਜਾਣਕਾਰੀ ਛੇਤੀ ਦਿੱਤੀ ਜਾਵੇ। ਚੀਫ਼ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਪ੍ਰਤੀਕ ਜਲਾਨ ਦੀ ਬੈਂਚ ਨੇ ਕਿਹਾ ਕਿ ਜਾਂਚ ਦੀ ਬੇਨਤੀ ਕਰਨ, ਨਮੂਨਾ ਲੈਣ ਅਤੇ ਨਤੀਜਾ ਐਲਾਨਣ ਵਿਚਾਲੇ ਲੰਮਾ ਪਾੜਾ ਨਹੀਂ ਹੋਣਾ ਚਾਹੀਦਾ। ਅਦਾਲਤ ਨੇ ਕਿਹਾ ਕਿ ਗਰਭਵਤੀ ਔਰਤਾਂ ਜਾਂਚ ਅਤੇ ਨਤੀਜਿਆਂ ਲਈ ਪੰਜ-ਛੇ ਦਿਨਾਂ ਦਾ ਇੰਤਜ਼ਾਰ ਨਹੀਂ ਕਰ ਸਕਦੀਆਂ। ਬੈਂਚ ਨੇ ਕਿਹਾ ਕਿ ‘ਤੁਰੰਤ ਬੇਨਤੀ ਸਵੀਕਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਨਤੀਜੇ ਤੁਰੰਤ ਐਲਾਨੇ ਜਾਣੇ ਚਾਹੀਦੇ ਹਨ’। ਉਧਰ ਦਿੱਲੀ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਜਾਰੀ ਸਲਾਹ ਮਸ਼ਵਰੇ ਤਹਿਤ ਜਾਂਚ ਦਾ ਨਤੀਜਾ ਇਕ ਘੰਟੇ ਦੇ ਅੰਦਰ ਐਲਾਨਿਆ ਜਾਣਾ ਚਾਹੀਦਾ ਹੈ। ਦਿੱਲੀ ਸਰਕਾਰ ਨੇ ਦੱਸਿਆ ਕਿ ਹਾਲਾਂਕਿ ਸਲਾਹ-ਮਸ਼ਵਰੇ ਵਿੱਚ ਜਾਂਚ ਦੀ ਬੇਨਤੀ ਨੂੰ ਪੂਰਾ ਕਰਨ ਲਈ ਸਮਾਂ-ਸੀਮਾ ’ਤੇ ਕੁਝ ਨਹੀਂ ਆਖਿਆ ਗਿਆ। ਇਸ ਦੌਰਾਨ ਬੈਂਚ ਨੇ ਦਿੱਲੀ ਸਰਕਾਰ ਨੂੰ ਸਲਾਹ ਮਸ਼ਵਰੇ ਅਤੇ ਨੋਟੀਫਿਕੇਸ਼ਨ ਅਦਾਲਤ ਸਾਹਮਣੇ ਪੇਸ਼ ਕਰਨ ਲਈ ਕਿਹਾ ਅਤੇ ਮਾਮਲੇ ਨੂੰ ਵੀਰਵਾਰ ਲਈ ਸੂਚੀਬੱਧ ਕੀਤਾ ਹੈ। ਅਦਾਲਤ ਇਕ ਵਕੀਲ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ, ਜਿਸ ਵਿੱਚ ਬੇਨਤੀ ਕੀਤੀ ਗਈ ਹੈ ਕਿ ਗਰਭਵਤੀ ਔਰਤਾਂ ਦੀ ਜਾਂਚ ਰਿਪੋਰਟ ਪਹਿਲ ਦੇ ਆਧਾਰ ‘ਤੇ ਦਿੱਤੀ ਜਾਵੇ। -ਪੀਟੀਆਈ