ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੁਲਾਈ
ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਵਿੱਚ ਉੱਥੇ ਜ਼ਿਆਦਾ ਕਰੋਨਾ ਫੈਲਿਆ ਜਿੱਥੇ ਸੰਘਣੀ ਆਬਾਦੀ ਹੈ। ਘੱਟ ਆਬਾਦੀ ਵਾਲੇ ਇਲਾਕੇ ਵਿੱਚ ਕਰੋਨਾ ਦਾ ਕਹਿਰ ਘੱਟ ਦੇਖਿਆ ਗਿਆ, ਜਿਵੇਂ ਦਿਹਾਤੀ ਦਿੱਲੀ ਦਾ ਇਲਾਕਾ ਤੇ ਦੱਖਣੀ ਦਿੱਲੀ। ਦਿੱਲੀ ਸਰਕਾਰ ਵੱਲੋਂ ਰਾਜਧਾਨੀ ਅੰਦਰ ਪਹਿਲਾਂ ਵੱਡੇ ਇਲਾਕੇ ਸੀਲਬੰਦ ਕੀਤੇ ਗਏ ਸਨ ਪਰ ਫਿਰ ਜਿੱਥੇ ਮਰੀਜ਼ ਪਾਏ ਗਏ ਉੱਥੇ ਦੀਆਂ ਕੁੱਝ ਗਲੀਆਂ ਜਾਂ ਇਕ-ਦੋ ਗਲੀਆਂ ਹੀ ਬੰਦ ਕੀਤੀਆਂ ਗਈਆਂ। ਘਰਾਂ ਵਿੱਚ ਇਕਾਂਤਵਾਸ ਕਰਨ ਦੀ ਨੀਤੀ ਨਾਲ ਵੀ ਕਰੋਨਾ ਦਾ ਸਸਤਾ ਤੇ ਬਿਹਤਰ ਇਲਾਜ ਕਰਨ ਦਾ ਦਾਅਵਾ ਦਿੱਲੀ ਸਰਕਾਰ ਕਰ ਰਹੀ ਹੈ। ਦਿੱਲੀ ਵਿੱਚ ਕੇਂਦਰੀ ਜ਼ਿਲ੍ਹੇ ਅੰਦਰ ਸਭ ਤੋਂ ਜ਼ਿਆਦਾ ਕਰੋਨਾ ਮਰੀਜ਼ ਪਾਏ ਗਏ। ਇੱਥੇ 27.9 ਫ਼ੀਸਦੀ ਕੁੱਲ ਮਰੀਜ਼ਾਂ ਵਿੱਚੋਂ ਮਿਲੇ ਹਨ। ਕੇਂਦਰੀ ਦਿੱਲੀ ਦੇ ਬਹੁਤੇ ਇਲਾਕੇ ਸੰਘਣੀ ਆਬਾਦੀ ਦੇ ਹਨ ਜਿਨ੍ਹਾਂ ਵਿੱਚ ਪੁਰਾਣੀ ਦਿੱਲੀ ਦਾ ਇਲਾਕਾ ਵੀ ਹੈ। ਦੱਖਣੀ-ਪੱਛਮੀ ਦਿੱਲੀ ਜਿਸ ਵਿੱਚ ਕਾਫੀ ਇਲਾਕਾ ਦਿੱਲੀ ਦਿਹਾਤ ਜਾਂ ਖਿੰਡੀ ਹੋਈ ਆਬਾਦੀ ਵਾਲਾ ਖੇਤਰ ਹੈ ਉੱਥੇ 12.9 ਫ਼ੀਸਦੀ ਮਰੀਜ਼ ਪਾਏ ਗਏ। ਨਵੀਂ ਦਿੱਲੀ ਜ਼ਿਲ੍ਹੇ ਅੰਦਰ 22.1 ਫੀਸਦੀ, ਦੱਖਣੀ ਦਿੱਲੀ ਵਿੱਚ 18.6 ਫ਼ੀਸਦੀ ਜਿੱਥੇ ਕੁੱਝ ਇਲਾਕਾ ਦਿਹਾਤੀ ਖੇਤਰ ਵੀ ਆਉਂਦਾ ਹੈ। ਪੱਛਮੀ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ ਮਰੀਜ਼ਾਂ ਦਾ 19.1 ਫ਼ੀਸਦੀ ਰਿਹਾ। ਕੱਚੀਆਂ ਕਲੋਨੀਆਂ ਵਾਲੇ ਇਲਾਕੇ ਪੂਰਬੀ ਦਿੱਲੀ ਵਿੱਚ 23.9 ਫ਼ੀਸਦੀ, ਉੱਤਰੀ ਦਿੱਲੀ ਵਿੱਚ 25.3 ਫ਼ੀਸਦੀ ਤੇ ਸ਼ਾਹਦਰਾ ਵਿੱਚ 27.6 ਫ਼ੀਸਦੀ ਤੇ ਉੱਤਰੀ ਪੂਰਬੀ ਦਿੱਲੀ ਵਿੱਚ 27.7 ਫ਼ੀਸਦੀ ਕੁੱਲ ਮਰੀਜ਼ਾਂ ਦਾ ਹਿੱਸਾ ਇਸ ਖੇਤਰ ਵਿੱਚ ਪਾਇਆ ਗਿਆ। ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਸੰਘਣੀ ਆਬਾਦੀ ਇਲਾਕਿਆਂ ਵਿੱਚ ਕਰੋਨਾ ਨੇ ਤੇਜ਼ੀ ਤੇ ਭਿਆਨਕਤਾ ਨਾਲ ਪੈਰ ਪਸਾਰੇ। ਸਾਰੇ ਉਮਰ ਵਰਗਾਂ ਦੇ ਲੋਕ ਹੀ ਕਰੋਨਾ ਦੇ ਸ਼ਿਕਾਰ ਬਣੇ ਪਰ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਕੁੱਝ ਜ਼ਿਆਦਾ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਰੋਨਾ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 26 ਮੌਤਾਂ ਹੋਈਆਂ ਹਨ। ਬੀਤੇ ਦਿਨੀਂ ਔਸਤਨ 60 ਦੇ ਕਰੀਬ ਹੁੰਦੀਆਂ ਸਨ। ਰੋਜ਼ਾਨਾ ਦੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਹੈ। ਅੰਕੜੇ ਦੱਸਦੇ ਹਨ ਕਿ ,1041 ਨਵੇਂ ਕਰੋਨਾ ਮਰੀਜ਼ ਸਾਹਮਣੇ ਆਏ ਹਨ ਤੇ ਕੁੱਲ ਗਿਣਤੀ 1027364 ਹੋ ਗਈ ਹੈ। 1415 ਮਰੀਜ਼ ਠੀਕ ਹੋਏ ਹਨ। ਕੁੱਲ 109065 ਮਰੀਜ਼ ਠੀਕ ਹੋਏ ਹਨ। ਮ੍ਰਿਤਕਾਂ ਦੀ ਕੁੱਲ ਗਿਣਤੀ 3745 ਹੋ ਚੁੱਕੀ ਹੈ। ਸਰਗਰਮ ਮਰੀਜ਼ 14000 ਤੋਂ ਵੱਧ ਹਨ।