ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਫਰਵਰੀ
ਕੇਜਰੀਵਾਲ ਸਰਕਾਰ ਕਰੋਨਾ ਮਹਾਮਾਰੀ ਦੌਰਾਨ ਜਾਨਾਂ ਗੁਆਉਣ ਵਾਲੇ 13 ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਵੇਗੀ। ਇਸ ਨੂੰ ਅੱਜ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਵਿੱਚ ਮੰਤਰੀ ਸਮੂਹ ਦੀ ਬੈਠਕ ਵਿੱਚ ਮਨਜ਼ੂਰੀ ਦਿੱਤੀ ਗਈ। ਇਸ ਮੌਕੇ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਕਰੋਨਾ ਯੋਧਿਆਂ ਨੇ ਮਹਾਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮਨੁੱਖਤਾ ਅਤੇ ਸਮਾਜ ਦੀ ਰੱਖਿਆ ਲਈ ਕੰਮ ਕੀਤਾ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ। ਬੇਸ਼ੱਕ ਇਹ ਰਕਮ ਕਰੋਨਾ ਯੋਧਿਆਂ ਦੇ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ, ਪਰ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਜਨਕ ਜੀਵਨ ਜਿਊਣ ਦਾ ਸਾਧਨ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਸਮੁੱਚੀ ਮਨੁੱਖਤਾ ਲਈ ਇੱਕ ਭਿਆਨਕ ਸੰਕਟ ਹੈ। ਇਸ ਸੰਕਟ ਨੇ ਹਰ ਕਿਸੇ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਸੀ ਪਰ ਉਨ੍ਹਾਂ ਦੇ ਕਰੋਨਾ ਯੋਧਿਆਂ ਨੇ ਦਿੱਲੀ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਆਪਣੀ ਜਾਨ ਦਾਅ ‘ਤੇ ਲਗਾ ਦਿੱਤੀ।
ਦਿੱਲੀ ਸਰਕਾਰ ਨੇ ਜਿਹੜੇ ਕਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਵਿੱਚ ਸਰਕਾਰੀ ਡਿਸਪੈਂਸਰੀ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਆਭਾ ਭੰਡਾਰੀ, ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੀ ਸਫ਼ਾਈ ਕਰਮਚਾਰੀ ਸੀਮਾ, ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੇ ਨਰਸਿੰਗ ਅਫਸਰ ਰਾਜਕੁਮਾਰ ਅਗਰਵਾਲ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਮੁਨਰੀਕਾ ਦੇ ਚੀਫ ਮੈਡੀਕਲ ਅਫਸਰ ਡਾ. ਸੰਜੈ ਕੁਮਾਰ, ਡਾਕਟਰ ਸੰਜੀਵ ਕੁਮਾਰ ਮਾਹਿਰ ਬਾਲ ਰੋਗ ਮਹਾਰਿਸ਼ੀ ਵਾਲਮੀਕਿ ਹਸਪਤਾਲ, ਦਿੱਲੀ ਸਰਕਾਰੀ ਡਿਸਪੈਂਸਰੀ ਤਿਮਾਰਪੁਰ ਦੀ ਸਟਾਫ ਨਰਸ ਮੁਨੇਸ਼ ਦੇਵੀ, ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੀ ਨਰਸਿੰਗ ਅਫਸਰ ਚਿਨਾਚਿੰਗ, ਸੁਰਿੰਦਰ ਕੁਮਾਰ, ਟੀ.ਜੀ.ਟੀ. ਗਣਿਤ, ਸਰਵੋਦਿਆ ਵਿਦਿਆਲਿਆ ਦੌਲਤਪੁਰ, ਡਾ. ਯਾਸਿਰ ਨਸੀਮ, ਸੀਨੀਅਰ ਰੈਜ਼ੀਡੈਂਟ ਫੋਰਟਿਸ ਐਸਕਾਰਟ ਹਸਪਤਾਲ ਓਖਲਾ, ਗੁਰੂ ਤੇਗ ਬਹਾਦਰ ਹਸਪਤਾਲ ਦੇ ਸਟੋਰ ਖਰੀਦ ਦੇ ਸੁਪਰਵਾਈਜ਼ਰ ਅਜੇ ਕੁਮਾਰ, ਨੇਤਾਜੀ ਸੁਭਾਸ਼ ਟੈਕਨੀਕਲ ਯੂਨੀਵਰਸਿਟੀ ਦਵਾਰਕਾ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਪਰਵਿੰਦਰ ਪਾਲ ਸਿੰਘ, ਸਫਾਈ ਕਰਮਚਾਰੀ ਕਮਲੇਸ਼, ਸ੍ਰੀ ਅਗਰਸੇਨ ਇੰਟਰਨੈਸ਼ਨਲ ਹਸਪਤਾਲ ਰੋਹਿਣੀ ਦੇ ਸੀਨੀਅਰ ਸਲਾਹਕਾਰ ਡਾ. ਮਿਥਲੇਸ਼ ਕੁਮਾਰ ਸ਼ਾਮਲ ਹਨ।