ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਦੀ ਇਕ ਅਦਾਲਤ ਨੇ 21 ਦੇਸ਼ਾਂ ਦੇ ਤਕਰੀਬਨ 284 ਵਿਦੇਸ਼ੀ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਅਦਾਲਤ ਦੇ ਉੱਠਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ। ਸਾਕੇਤ ਅਦਾਲਤ ਨੇ ਜਮਾਤ ਦੇ ਇਨ੍ਹਾਂ ਮੈਂਬਰਾਂ ਨੂੰ 5 ਤੋਂ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਸੀ। ਇਸ ਕੇਸ ਦੀ ਚਾਰਜਸ਼ੀਟ 6 ਜੁਲਾਈ ਨੂੰ ਦਾਇਰ ਕੀਤੀ ਸੀ। ਰਿਪੋਰਟਾਂ ਅਨੁਸਾਰ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਕੌਮੀ ਰਾਜਧਾਨੀ ਵਿੱਚ ਲਗਾਏ ਕਰੋਨਾਵਾਇਰਸ ਤਾਲਾਬੰਦੀ ਦੇ ਮੱਦੇਨਜ਼ਰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 21 ਦੇਸ਼ਾਂ ਦੇ ਤਬਲੀਗੀ ਜਮਾਤ ਦੇ ਮੈਂਬਰਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ। ਜਮਾਤ ਦੇ ਸਾਰੇ ਮੈਂਬਰਾਂ ਨੇ ਆਪਣੀਆਂ ਗ਼ਲਤੀਆਂ ਅਦਾਲਤ ਦੇ ਸਾਹਮਣੇ ਮੰਨ ਲਈਆਂ। ਅਦਾਲਤ ਨੇ ਉਨ੍ਹਾਂ ਦੇ ਵਿਰੁੱਧ ਅਦਾਲਤ ਦੇ ਉੱਠਣ ਤੱਕ ਖੜ੍ਹੇ ਰਹਿਣ ਲਈ ਸਜ਼ਾ ਸੁਣਾਈ। ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਸ ਮਾਮਲੇ ’ਚ ਦੀ ਜਾਂਚ ਕੀਤੀ ਤੇ ਤਿੰਨ ਦਿਨਾਂ ਦੇ ਰਿਕਾਰਡ ਸਮੇਂ ਵਿੱਚ 915 ਵਿਦੇਸ਼ੀ ਜਮਾਤ ਮੈਂਬਰਾਂ ਖ਼ਿਲਾਫ਼ 47 ਚਾਰਜਸ਼ੀਟ ਸੌਂਪੀਆਂ। ਤਬਲੀਗੀ ਜਮਾਤ ਦੇ ਮੈਂਬਰ ਮਲੇਸ਼ੀਆ ਤੋਂ 121, ਸਾਊਦੀ ਅਰਬ ਤੋਂ 11, ਸੁਡਾਨ ਤੋਂ 5, ਅਲਜੀਰੀਆ ਤੋਂ 8, ਯੂਕੇ ਤੋਂ 2, ਬੈਲਜੀਅਮ ਤੋਂ 1, ਮਿਸਰ ਤੋਂ 1, ਫਿਲੀਪੀਨਜ਼ ਤੋਂ 6, ਚੀਨ ਤੋਂ 7, ਮੋਰੋਕੋ ਤੋਂ 2, ਯੂਕ੍ਰੇਨ ਤੋਂ 1, ਫਿਜੀ ਤੋਂ 14, ਬ੍ਰਾਜ਼ੀਲ ਤੋਂ 7, ਅਫਗਾਨਿਸਤਾਨ ਤੋਂ 4, ਆਸਟਰੇਲੀਆ ਤੋਂ 2, ਮਾਲੀ ਤੋਂ 2, ਡੀਜੀਬੂਟੀ ਤੋਂ 2, ਕੀਨੀਆ ਤੋਂ 2, ਸ੍ਰੀ ਲੰਕਾ ਤੋਂ 17, ਮਿਆਂਮਾਰ ਤੋਂ 47, ਨੇਪਾਲ ਤੋਂ 22 ਹਨ।
ਅਦਾਲਤ ਵੱਲੋਂ 92 ਇੰਡੋਨੇਸ਼ੀਅਨ ਤਬਲੀਗੀਆਂ ਨੂੰ ਜ਼ਮਾਨਤ
ਸਥਾਨਕ ਅਦਾਲਤ ਵੱਲੋਂ ਨਿਜ਼ਾਮੂਦੀਨ ਮਰਕਜ਼ ਵਿਖੇ ਕਰੋਨਾ ਮਹਾਂਮਾਰੀ ਐਕਟ ਦੇ ਨਿਯਮਾਂ ਖ਼ਿਲਾਫ਼ ਤੇ ਵੀਜ਼ਾ ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨਾਮਜ਼ਦ 92 ਇੰਡੋਨੇਸ਼ੀਅਨ ਤਬਲੀਗੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਉਪਰ ਦਿੱਲੀ ਪੁਲੀਸ ਨੇ ਕਰੋਨਾ ਐਕਟ ਸਮੇਤ ਹੋਰ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਸਨ।