ਦਿੱਲੀ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹਜ਼ਾਰ ਦੇ ਪਾਰ

ਦਿੱਲੀ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹਜ਼ਾਰ ਦੇ ਪਾਰ

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਸਤੰਬਰ

ਕੌਮੀ ਰਾਜਧਾਨੀ ਦਿੱਲੀ ਅੰਦਰ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਬੀਤੇ ਦਿਨਾਂ ਨਾਲੋਂ ਘਟਣ ਲੱਗੀ ਹੈ ਤੇ ਬੀਤੇ 24 ਘੰਟਿਆਂ ਦੌਰਾਨ 2548 ਕੇਸ ਸਾਹਮਣੇ ਆਏ ਹਨ ਜਦੋਂ ਕਿ 32 ਮੌਤਾਂ ਹੋਈਆਂ ਹਨ। ਦਿੱਲੀ ਸਰਕਾਰ ਵੱਲੋਂ 33733 ਟੈਸਟ ਕੀਤੇ ਗਏ। ਦਿੱਲੀ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਪੁੱਜ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 2,49,259 ਕਰੋਨਾ ਪੀੜਤ ਦਿੱਲੀ ਵਿੱਚ ਪਾਏ ਗਏ ਹਨ ਜਦੋਂ ਕਿ 2,13,304 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਤੱਕ 5 ਹਜ਼ਾਰ ਤੋਂ ਵੱਧ ਮਰੀਜ਼ ਮਰ ਚੁੱਕੇ ਹਨ ਤੇ ਇਨ੍ਹਾਂ ਦੀ ਕੁੱਲ ਗਿਣਤੀ 5014 ਹੋ ਗਈ ਹੈ। ਸਰਗਰਮ ਮਰੀਜ਼ 30941 ਹਨ ਤੇ ਘਰਾਂ ਵਿੱਚ ਇਕਾਂਤਵਾਸ ਰਹਿ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 19213 ਦੱਸੀ ਗਈ ਹੈ। ਬੀਤੇ ਦਿਨ 3672 ਮਰੀਜ਼ ਠੀਕ ਹੋਏ ਜੋ ਨਵੇਂ ਆਏ ਮਰੀਜ਼ਾਂ ਤੋਂ ਜ਼ਿਆਦਾ ਹਨ।

ਡੀਸੀ ਵੱਲੋਂ ਨਿੱਜੀ ਹਸਪਤਾਲਾਂ ਦੇ ਡਾਕਟਰਾਂ  ਨਾਲ ਮੀਟਿੰਗ 

ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਯਸ਼ਪਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ -19 ਨਾਲ ਨਜਿੱਠਣ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਨਿੱਜੀ ਹਸਪਤਾਲਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਬਿਪਤਾ ਦੇ ਸਮੇਂ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸ ਰਾਹੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੇ ਨਾਲ ਜ਼ਿਲ੍ਹਾ ਫਰੀਦਾਬਾਦ ਵਿੱਚ ਕੋਵਿਡ -19 ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਕਿਸੇ ਹਸਪਤਾਲ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਰੰਤ ਜ਼ਿਲ੍ਹਾ ਨੋਡਲ ਅਫ਼ਸਰ ਨਾਲ ਸੰਪਰਕ ਕਰੋ। ਸੀਐੱਮਓ ਰਣਦੀਪ ਸਿੰਘ ਪੁਨੀਆ ਸਮੇਤ ਸਾਰੇ ਨਿੱਜੀ ਹਸਪਤਾਲਾਂ ਦੇ ਡਾਕਟਰ ਵੀ ਮੀਟਿੰਗ ਵਿੱਚ ਮੌਜੂਦ ਸਨ।

ਯਮੁਨਾ ਨਗਰ ਵਿੱਚ ਕਰੋਨਾ ਨਾਲ ਦੋ ਮੌਤਾਂ

ਯਮੁਨਾਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਦੇ ਚਲਦਿਆਂ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 62 ਹੋ ਗਈ ਹੈ।  ਇਸ ਦੌਰਾਨ ਅੱਜ 98 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ।  ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਕੁਲ 708 ਕਰੋਨਾ ਪਾਜ਼ੇਟਿਵ ਕੇਸ ਹਨ ਜਿਨ੍ਹਾਂ ਵਿੱਚੋਂ 32 ਵਿਅਕਤੀ ਬਾਹਰਲੇ ਜ਼ਿਲ੍ਹਿਆਂ ਦੇ ਹਨ ਅਤੇ 456 ਮਰੀਜ਼ ਆਪਣੇ ਘਰਾਂ ਵਿੱਚ ਇਕਾਂਤਵਾਸ ਹਨ। 

ਪਿੰਡ ਹੜੌਲੀ ਵਿੱਚ ਕਰੋਨਾ ਕਾਰਨ ਬਜ਼ੁਰਗ ਦੀ ਮੌਤ

ਟੋਹਾਣਾ (ਪੱਤਰ ਪ੍ਰੇਰਕ): ਇੱਥੇ ਕਰੋਨਾ ਦਾ ਕਹਿਰ ਜਾਰੀ ਰਿਹਾ, 48 ਨਵੇਂਂ ਕੇਸ ਮਿਲੇ ਤੇ ਪਿੰਡ ਹੜੌਲੀ ਥਾਣਾ ਰਤੀਆ ਦੇ 74 ਸਾਲਾ ਬਜ਼ੁਰਗ ਦੀ ਘਰ ਵਿੱਚ ਚਲ ਰਹੇ ਇਕਾਂਤਵਾਸ ਦੌਰਾਨ ਮੌਤ ਹੋ ਗਈ। ਅੱਜ ਸਵੇਰੇ ਪੰਜ ਵਜੇ ਮੌਤ ਹੋਣ ਤੇ ਸਿਹਤ ਵਿਭਾਗ ਨੇ ਨਗਰਪਾਲਿਕਾ ਦੀਆਂ ਟੀਮਾਂ ਦੀ ਮਦਦ ਨਾਲ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿੱਚ ਕਰਵਾ ਦਿੱਤਾ। ਸਕੂਲ ਖੋਲ੍ਹਣ ਤੋਂ ਪਹਿਲਾਂ ਲੜਕੀਆਂ ਦੇ ਸਕੂਲ ਦੀਆਂ ਅਧਿਆਪਕਾਂ ਵਿੱਚੋਂ ਤਿੰਨ ਕਰੋਨਾ ਪਾਜ਼ੇਟਿਵ ਆਉਣ ਉੱਤੇ ਬੀਈਓ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਖੋਲ੍ਹਣ ਦੀ ਤਾਰੀਖ਼ ਅੱਗੇ ਪਾ ਦਿੱਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All