ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਪਰੈਲ
ਦਿੱਲੀ-ਐਨਸੀਆਰ ਵਿੱਚ ਕਰੋਨਾ ਨੇ ਫਿਰ ਜ਼ੋਰ ਫੜਿਆ ਹੈ, ਜਿਸ ਕਰਕੇ ਦਿੱਲੀ ਸਰਕਾਰ ਤੇ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼ ਤੇ ਹਰਿਆਣਾ ਦੀਆਂ ਸਰਕਾਰਾਂ ਚੌਕਸ ਹੋਈਆਂ ਹਨ। ਤਾਜ਼ਾ ਦਿੱਲੀ ਸਟੇਟ ਹੈਲਥ ਬੁਲੇਟਿਨ ਦੇ ਅਨੁਸਾਰ, ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 461 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿੱਚ ਕੋਵਿਡ -19 ਨਾਲ ਸਬੰਧਤ ਦੋ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਜਦੋਂ ਕਿ ਦਿੱਲੀ ਵਿੱਚ ਟੀਕੇ ਤੋਂ 269 ਮਰੀਜ਼ ਠੀਕ ਹੋਏ ਹਨ। 14 ਬੱਚੇ ਕਰੋਨਾ ਦੀ ਜ਼ੱਦ ਵਿੱਚ ਆਏ ਹਨ ਤੇ ਕਰੋਨਾ ਕਾਰਨ ਕੁੱਲ 53 ਵਿਅਕਤੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
14 ਬੱਚਿਆਂ ਵਿੱਚੋਂ 12 ਨੂੰ ਕਲਾਵਤੀ ਸਰਨ ਹਸਪਤਾਲ, ਦਿੱਲੀ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਦਿੱਲੀ ਵਿੱਚ 53 ਲੋਕ ਵੱਖ-ਵੱਖ ਕੋਵਿਡ ਹਸਪਤਾਲਾਂ ਵਿੱਚ ਭਰਤੀ ਹਨ। ਬੀਤੇ ਦਿਨ ਕਰੋਨਾ ਦੇ 366 ਮਾਮਲੇ ਸਾਹਮਣੇ ਆਏ ਸਨ ਤੇ 209 ਮਰੀਜ਼ ਠੀਕ ਹੋਏ ਹਨ। ਜੋ ਪਾਜ਼ੇਟਿਵ ਦਰ 4 ਅਪਰੈਲ ਨੂੰ 1.34% ਹੀ ਹੁਣ ਉਹ ਦਰ 4% ਨੂੰ ਪਹੁੰਚ ਗਈ ਜਿਸ ਕਰਕੇ ਦਿੱਲੀ ਸਰਕਾਰ ਵੱਲੋਂ ਆਪਣੇ ਕੋਵਿਡ ਹਸਪਤਾਲਾਂ ਨੂੰ ਹਾਲਤਾਂ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਇਥੇ ਇੱਕ ਵਿਦਿਆਰਥੀ ਦਾ ਕੋਵਿਡ ਟੈਸਟ ਪਾਜ਼ੇਟਿਵ ਆਉਣ ਕਾਰਨ ਇੱਥੋਂ ਦੇ ਇੱਕ ਨਿੱਜੀ ਸਕੂਲ ਨੇ ਮਾਪਿਆਂ ਨੂੰ ਸੋਮਵਾਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਲਈ ਕਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦਾਖ਼ਲਾ ਘੱਟ ਹੈ, ਜਿਸ ਕਰਕੇ ਡਰਨ ਦੀ ਲੋੜ ਨਹੀਂ। ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਸਾਰੇ ਸਿਹਤ ਪ੍ਰਬੰਧ ਨੂੰ ‘ਓਵਰਹਲ’ ਕੀਤਾ ਹੈ ਤੇ ਸਾਰੇ ਹਸਪਤਾਲਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਸੂਬਾ ਸਰਕਾਰ ਨੇ ਹਰੇਕ ਵਾਰਡ ਵਿੱਚ 100 ਆਕਸੀਜਨ ਬਿਸਤਰੇ ਵਧਾਉਣ ਦੀ ਯੋਜਨਾ ਉਲੀਕ ਲਈ ਹੈ। ਦੋ ਮਹੀਨਿਆਂ ਵਿੱਚ ਕੁੱਲ ਬਿਸਤਰੇ 65 ਹਜ਼ਾਰ ਤਿਆਰ ਹੋ ਜਾਣਗੇ।
ਉਧਰ ਦਿੱਲੀ ਵਿੱਚ ਵਧੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਯੋਗੀ ਨੇ ਐੱਨਸੀਆਰ ਜ਼ਿਲ੍ਹਿਆਂ ਨੂੰ ਅਲਰਟ ਮੋਡ ’ਤੇ ਰੱਖਿਆ ਹੈ। ਕੌਮੀ ਰਾਜਧਾਨੀ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੇ ਗੌਤਮ ਬੁੱਧ ਨਗਰ ਦੇ ਨਾਲ ਲੱਗਦੇ ਖੇਤਰਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਨੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਹੈ। ਸੂਤਰਾਂ ਮੁਤਾਬਕ ਹਰਿਆਣਾ ਸਰਕਾਰ ਵੱਲੋਂ ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ, ਬਹਾਦਰਗੜ੍ਹ ਦੇ ਪ੍ਰਸ਼ਾਸਨ ਨੂੰ ਚੌਕਸ ਕੀਤਾ ਹੈ। ਜਿੱਥੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜ ਵਿੱਚ ਕੋਵਿਡ ਪ੍ਰਬੰਧਨ ’ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਜ਼ਿਲ੍ਹੇ ਅਲਰਟ ਮੋਡ ’ਤੇ ਹਨ ਅਤੇ ਰਾਜ ਵਿੱਚ ਕੋਵਿਡ -19 ਪ੍ਰਬੰਧਨ ’ਤੇ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਯੋਗੀ ਆਦਿੱਤਿਆਨਾਥ ਦੁਆਰਾ ਇਸ ਪ੍ਰਭਾਵ ਲਈ ਨਿਰਦੇਸ਼ ਦਿੱਤੇ ਗਏ ਸਨ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦੇਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਗੁਆਂਢੀ ਖੇਤਰਾਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਦਾ ਅਸਰ ਐੱਨਸੀਆਰ ਜ਼ਿਲ੍ਹਿਆਂ ਵਿੱਚ ਦੇਖਿਆ ਜਾ ਸਕਦਾ ਹੈ। ਉਸਨੇ ਅਧਿਕਾਰੀਆਂ ਨੂੰ ਸਾਰੇ ਐੱਨਸੀਆਰ ਜ਼ਿਲ੍ਹਿਆਂ ਨੂੰ ਅਲਰਟ ਮੋਡ ’ਤੇ ਰੱਖਣ ਲਈ ਕਿਹਾ। ਯੋਗੀ ਆਦਿੱਤਿਆ ਨਾਥ ਨੇ ਅਧਿਕਾਰੀਆਂ ਨੂੰ ਸਾਰੇ ਬਾਲਗਾਂ ਲਈ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਦੇ ਪ੍ਰਸ਼ਾਸਨ ਨੂੰ ਵਧਾਉਣ ਲਈ ਕਿਹਾ।
ਫਰੀਦਾਬਾਦ ’ਚ 24 ਕਰੋਨਾ ਪਾਜ਼ੇਟਿਵ ਮਾਮਲੇ ਆਏ
ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਰੋਨਾਵਾਇਰਸ ਦੇ 24 ਨਵੇਂ ਮਾਮਲੇ ਪਾਜ਼ੇਟਿਵ ਆਏ ਹਨ। ਜਦਕਿ 16 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹੇ ’ਚ ਕਰੋਨਾ ਦੀ ਰਿਕਵਰੀ ਦਰ ਵੀ 99.33 ਫੀਸਦੀ ਤੱਕ ਪਹੁੰਚ ਗਈ ਹੈ। ਹਸਪਤਾਲ ’ਚ ਕਰੋਨਾ ਪਾਜ਼ੇਟਿਵ ਦਾ ਕੋਈ ਵੀ ਕੇਸ ਦਾਖ਼ਲ ਨਹੀਂ ਹੈ ਜਦੋਂ ਕਿ 115 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ ਵੀ 115 ਰਹਿ ਗਈ ਹੈ। ਪਿਛਲੇ 24 ਘੰਟਿਆਂ ’ਚ ਜ਼ਿਲ੍ਹੇ ਵਿੱਚ 716 ਟੈਸਟ ਕੀਤੇ ਗਏ। ਜਦੋਂ ਕਿ ਜ਼ਿਲ੍ਹਾ ਫਰੀਦਾਬਾਦ ’ਚ ਹੁਣ ਤੱਕ 15,65,131 ਲੋਕ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ 1,27,219 ਲੋਕ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦਕਿ 14,36,997 ਲੋਕ ਨੈਗੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ 729 ਵਿਅਕਤੀਆਂ ਦੇ ਨਤੀਜੇ ਆਉਣੇ ਬਾਕੀ ਹਨ। ਸੈਂਪਲ ਪਾਜ਼ੇਟਿਵ ਦਰ 8.13 ਫੀਸਦ ਹੈ। ਰਿਕਵਰੀ ਰੇਟ 99.33 ਫੀਸਦੀ ਤੇ ਐਕਟਿਵ ਕੇਸ ਦਰ 0.09 ਫੀਸਦ ਹੈ।