ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਕੌਮੀ ਰਾਜਧਾਨੀ ਵਿੱਚ ਕਰੋਨਾਵਾਇਰਸ ਕਾਰਨ ਲਗਾਤਾਰ ਪੰਜਵੇਂ ਦਿਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਹ ਉਸ ਸ਼ਹਿਰ ਲਈ ਵੱਡੀ ਰਾਹਤ ਹੈ, ਜਿਸ ਨੇ ਆਪਣੀ ਘਾਤਕ ਦੂਜੀ ਲਹਿਰ ਦੌਰਾਨ 3 ਮਈ ਨੂੰ ਇੱਕੋ ਦਿਨ ਵਿੱਚ ਕਰੋਨਾ ਕਾਰਨ 448 ਮੌਤਾਂ ਵੇਖੀਆਂ ਸਨ। ਜ਼ਿਕਰਯੋਗ ਹੈ ਕਿ 20 ਅਗਸਤ ਤੋਂ ਲਗਾਤਾਰ ਦਿੱਲੀ ਵਿੱਚ ਹਰ ਰੋਜ਼ ਮੌਤਾਂ ਦਾ ਅੰਕੜਾ ਸਿਫਰ ਦਰਜ ਕੀਤਾ ਗਿਆ ਹੈ। ਪਿਛਲੇ 14 ਦਿਨਾਂ ਵਿੱਚੋਂ 10 ਦਿਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ, ਜਦੋਂ ਕਿ ਇਨ੍ਹਾਂ ਦਿਨਾਂ ਦੌਰਾਨ ਰਾਜਧਾਨੀ ਵਿੱਚ ਕੁੱਲ 521 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਿਆਦ ਦੌਰਾਨ 21 ਅਗਸਤ ਨੂੰ ਰੋਜ਼ਾਨਾ ਸਕਾਰਾਤਮਕਤਾ ਦਰ ਘੱਟ ਕੇ 0.03 ਫੀਸਦੀ ‘ਤੇ ਆ ਗਈ ਸੀ। ਦੱਸਣਯੋਗ ਹੈ ਕਿ ਦੂਜੀ ਲਹਿਰ ਦੌਰਾਨ 3 ਮਈ ਨੂੰ ਇੱਕੋ ਦਿਨ ਵਿੱਚ 448 ਕੋਵਿਡ ਮੌਤਾਂ ਹੋਈਆਂ ਸਨ। ਇੱਥੋਂ ਤਕ ਕਿ ਜਦੋਂ ਦੂਜੀ ਲਹਿਰ ਦੇ ਘੱਟ ਹੋਣ ਨਾਲ-ਨਾਲ ਕੇਸਾਂ ਦੀ ਰੋਜ਼ਾਨਾ ਗਿਣਤੀ ਵੀ ਘੱਟ ਹੋਣ ਲੱਗੀ। ਪਰ ਮੌਤਾਂ ਦੀ ਗਿਣਤੀ ਵੱਧ ਸੀ। ਉਦਾਹਰਨ ਵਜੋਂ 3 ਜੂਨ ਨੂੰ ਜਿਥੇ ਰੋਜ਼ਾਨਾ ਕੇਸਾਂ ਦੀ ਗਿਣਤੀ 576 ਰਹਿ ਗਈ ਸੀ ਉਥੇ 103 ਕਰੋਨਾ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਸਨ।