ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਜੂਨ
ਦੇਸ਼ ਵਿੱਚ ਪੈਟਰੋਲ ਉਤਪਾਦਾਂ ਤੇ ਆਮ ਵਸਤਾਂ ਦੀਆਂ ਵਧੀਆਂ ਕੀਮਤਾਂ ਵਿਰੁੱਧ ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਪਾਰਟੀ ਦੇ ਕੌਮੀ ਸੱਦੇ ਅਨੁਸਾਰ ਮੋਦੀ ਸਰਕਾਰ ਖ਼ਿਲਾਫ਼ ਪੈਟਰੋਲ ਪੰਪਾਂ ’ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵੀ ਸ਼ਬਦੀ ਹੱਲੇ ਕੀਤੇ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਰਕੁਨਾਂ ਨੇ ਭਾਈ ਵੀਰ ਸਿੰਘ ਮਾਰਗ ’ਤੇ ਸਥਿਤ ਪੈਟਰੋਲ ਪੰਪ ਕੋਲ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ। ਉਹ ਆਪਣੇ ਸਾਥੀਆਂ ਨਾਲ ਟਾਂਗੇ ’ਚ ਸਵਾਰ ਹੋ ਕੇ ਆਏ ਤੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ। ਸੂਬਾ ਪ੍ਰਧਾਨ ਨੇ ਕਿਹਾ ਕਿ ਦੇਸ਼ ਇੱਕ ਪਾਸੇ ਕਰੋਨਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਪੈਟਰੋਲੀਆਮ ਪਦਾਰਥਾਂ ਦੇ ਭਾਅ ਕਾਬੂ ਰੱਖਣ ਵਿੱਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ਉਪਰ ਨਾਕਾਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਤੇ ਦਿੱਲੀ ਸਰਕਾਰ ਵੱਲੋਂ ਇਨ੍ਹਾਂ ਪਦਾਰਥਾਂ ’ਤੇ ਵੈਟ ਕਰ ਲਾਇਆ ਗਿਆ ਹੈ, ਜੇ ਇਹੀ ਕਰ ਵਾਪਸ ਲਿਜਾਣ ਤਾਂ ਪੈਟਰੋਲ, ਡੀਜ਼ਲ ਸਸਤੇ ਮਿਲ ਸਕਦੇ ਹਨ। ਇਨ੍ਹਾਂ ਦੀਆਂ ਕੀਮਤਾਂ ਵਧਣ ਨਾਲ ਹਰ ਪਾਸੇ ਮਹਿੰਗਾਈ ਦੀ ਮਾਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲੀਆਮ ਪਦਾਰਥਾਂ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਵਿਰੋਧ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਕੇਂਦਰ ਸਰਕਾਰ ਖ਼ਿਲਾਫ਼ ਕਾਂਗਰਸੀਆਂ ਨੇ ਨਾਅਰੇਬਾਜ਼ੀ ਵੀ ਕੀਤੀ।
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਕੁਮਾਰੀ ਸੈਲਜਾ ਦੇ ਸੱਦੇ ’ਤੇ ਫਰੀਦਾਬਾਦ ਦੇ ਕਾਂਗਰਸੀ ਆਗੂਆਂ ਵੱਲੋਂ ਨੀਲਮ ਚੌਕ ਤੇ ਬੱਲਭਗੜ੍ਹ ਦੇ ਸੈਕਟਰ-3 ਦੇ ਪੈਟਰੋਲ ਪੰਪ ਕੋਲ ਸੰਕੇਤਕ ਧਰਨ ਦੇ ਕੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ ਜਿਨ੍ਹਾਂ ਉਪਰ ‘ਜੁਮਲੋਂ ਕੀ ਸਰਕਾਰ, ਤੇਲ ਕੀ ਮਾਰ’ ਦੇ ਨਾਅਰੇ ਲਿਖੇ ਹੋਏ ਸਨ। ਸੀਨੀਅਰ ਕਾਂਗਰਸੀ ਆਗੂ ਗੁਲਸ਼ਨ ਬੱਗਾ, ਨੌਜਵਾਨ ਆਗੂ ਵਿਜੈ ਪ੍ਰਤਾਪ ਤੇ ਹੋਰ ਕਾਰਕੁਨ ਸ਼ਾਮਲ ਸਨ।
‘ਆਪ’ ਕਾਰਕੁਨਾਂ ਵੱਲੋਂ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ
ਫਰੀਦਾਬਾਦ: ਵੱਧ ਰਹੀ ਮਹਿੰਗਾਈ ਖਿਲਾਫ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕੜੀ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਹਰਿਆਣਾ ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਗੁਰੂਗ੍ਰਾਮ ਵਿਚ ਹੋਏ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਭਾਜਪਾ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਆਪਣੇ ਸਿਖਰ ’ਤੇ ਪਹੁੰਚ ਗਈ ਹੈ ਤੇ ਲੋਕ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਰੋਟੀ ਦਾ ਇੰਤਜ਼ਾਮ ਕਰਨ ਲਈ ਬੇਚੈਨ ਹਨ। ਇਸ ਦੌਰਾਨ ਡਾ. ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐਲ.ਪੀ.ਜੀ. ਸਿਲੰਡਰਾਂ ‘ਤੇ ਸਬਸਿਡੀ ਖਤਮ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਉਤੇ ਲੋਕਾਂ ਦੇ ਰੁਜ਼ਗਾਰ ਖੋਹਣ ਦੇ ਵੀ ਦੋਸ਼ ਲਾਏ।