ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਫਰਵਰੀ
ਇੱਥੇ ਅੱਜ ਕਾਂਗਰਸੀ ਵਰਕਰਾਂ ਨੇ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਹੱਥਾਂ ਵਿੱਚ ਤਖ਼ਤੀਆਂ ਤੇ ਬੈਨਰ ਲੈ ਕੇ ਹਾਜ਼ਰ ਵਰਕਰਾਂ ਨੇ ‘ਨਵੀਂ ਸ਼ਰਾਬ ਨੀਤੀ, ਟੇਕ ਬੈਕ ਟੇਕ ਬੈਕ’, ‘ਕੇਜਰੀਵਾਲ ਨੌਜਵਾਨਾਂ ਨੂੰ ਸ਼ਰਾਬ ਨਾ ਦਿਓ’ ਵਰਗੇ ਨਾਅਰੇ ਲਗਾ ਰਹੇ ਸਨ। ਪ੍ਰਦਰਸ਼ਨਕਾਰੀਆਂ ਵਿੱਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ, ਕ੍ਰਿਸ਼ਨ ਤੀਰਥ, ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਰਵੱਈਆ ਦਰਸਾਉਂਦਾ ਹੈ ਕਿ ਸੱਤਾ ਦੇ ਲਾਲਚ ਵਿੱਚ ਕੇਜਰੀਵਾਲ ਕੋਈ ਵੀ ਵੱਡਾ ਐਲਾਨ ਕਰ ਦਿੰਦੇ ਹਨ। ਕਾਂਗਰਸ ਨੇ ਕਿਹਾ ਕਿ ਰਾਜਧਾਨੀ ਵਿੱਚ 849 ਸ਼ਰਾਬ ਦੇ ਠੇਕੇ ਖੋਲ੍ਹ ਕੇ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦਾ ਦਿਲ ਦੁਖਾਇਆ ਹੈ, ਉਨ੍ਹਾਂ ਨੂੰ ਦਿੱਲੀ ਵਾਸੀਆਂ ਦੀਆਂ ਸੰਵੇਦਨਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ ਲਾਗੂ ਕਰਕੇ ਦਿੱਲੀ ਨੂੰ ਨਸ਼ਿਆਂ ਦੀ ਰਾਜਧਾਨੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਅਤੇ ਉਤਰਾਖੰਡ ਵਰਗੇ ਚੋਣਾਂ ਵਾਲੇ ਰਾਜਾਂ ਵਿੱਚ ਵੀ ਕੇਜਰੀਵਾਲ ਨਸ਼ਾ ਮੁਕਤੀ ਦੀਆਂ ਗੱਲਾਂ ਕਰਕੇ ਉਥੋਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਨੇ ਕਿਹਾ ਕਿ ਉਹ ਕੇਜਰੀਵਾਲ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਦਿੱਲੀ ਵਿੱਚ ਨਸ਼ਾ ਛੁਡਾਊ ਕਾਰਵਾਈ ਕਿਉਂ ਨਹੀਂ ਕੀਤੀ ਗਈ। ਕੀ ਕੇਜਰੀਵਾਲ ਅੱਜ ਸ਼ਰਾਬ ਨੀਤੀ ’ਤੇ ਦਿੱਲੀ ਵਾਸੀਆਂ ਦੇ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਦਿੱਲੀ ਵਿੱਚ ਸ਼ਰਾਬ ਨੀਤੀ ਲਾਗੂ ਕਰਨ ਤੋਂ ਪਹਿਲਾਂ ਔਰਤਾਂ, ਆਰਡਬਲਿਊਏ, ਸਵੈ-ਸੇਵੀ ਸੰਸਥਾਵਾਂ, ਮੁਹੱਲੇ ਅਤੇ ਗ੍ਰਾਮ ਸਭਾਵਾਂ ਤੋਂ ਸਲਾਹ ਅਤੇ ਪ੍ਰਵਾਨਗੀ ਕਿਉਂ ਨਹੀਂ ਲਈ। ਅਨਿਲ ਭਾਰਦਵਾਜ ਨੇ ਕਿਹਾ ਕਿ 2014 ਵਿੱਚ ਕੇਜਰੀਵਾਲ ਕਾਂਗਰਸ ਸਰਕਾਰ ’ਤੇ ਨੇਤਾਵਾਂ ਤੇ ਅਧਿਕਾਰੀਆਂ ਦੇ ਗੱਠਜੋੜ ਨਾਲ ਹੀ ਠੇਕੇ ਦੇਣ ਦਾ ਦੋਸ਼ ਲਾਉਂਦੇ ਸਨ। ਕੇਜਰੀਵਾਲ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਦਿੱਲੀ ਦੀ ਸੱਤਾ ਹਥਿਆ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਆਬਕਾਰੀ ਨੀਤੀ ਨੂੰ ਲੈ ਕੇ ਆਪ ਤੇ ਭਾਜਪਾ ਇੱਕਮਿਕ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਕਾਂਗਰਸ ਦੇ ਵਰਕਰਾਂ ਨੇ ਆਬਕਾਰੀ ਨੀਤੀ ਤਹਿਤ ਨੌਜਵਾਨਾਂ ਦੀ ਸ਼ਰਾਬ ਪੀਣ ਦੀ ਉਮਰ ਘਟਾ ਕੇ ਹਰ ਵਾਰਡ ਵਿਚ 3-4 ਠੇਕੇ ਖੋਲ੍ਹ ਕੇ 21 ਡਰਾਈ ਡੇਜ਼ ਨੂੰ ਘਟਾ ਕੇ 3 ਕਰ ਦਿੱਤਾ, ਹੁਣ ਸਾਲ ਦੇ 365 ਦਿਨਾਂ ਵਿਚ 362 ਸ਼ਰਾਬ ਮਿਲਦੀ ਹੈ। ਕਿਹਾ ਕਿ ਕਾਂਗਰਸ ਸ਼ਰਾਬ ਪੀਣ ਦੀ ਉਮਰ 25 ਤੋਂ ਘਟਾ ਕੇ 21 ਸਾਲ ਕਰਨ ਦਾ ਵਿਰੋਧ ਕਰਨ ਸਮੇਤ ਰਿਹਾਇਸ਼ੀ ਇਲਾਕਿਆਂ ਅਤੇ ਧਾਰਮਿਕ ਸਥਾਨਾਂ ਅਤੇ ਸਕੂਲਾਂ ਦੇ ਨੇੜੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਵਿਰੋਧ ਕਰ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਆਬਕਾਰੀ ਨੀਤੀ ਨੂੰ ਲੈ ਕੇ ਭਾਜਪਾ ਅਤੇ ਕੇਜਰੀਵਾਲ ਇੱਕ ਦੂਜੇ ਦੇ ਪੂਰਕ ਵਜੋਂ ਕੰਮ ਕਰ ਰਹੇ ਹਨ। ਨੀਤੀ ਨੂੰ ਲਾਗੂ ਕਰਨ ਵਿਚ ਆਮ ਆਦਮੀ ਪਾਰਟੀ ਅਤੇ ਉਪ ਰਾਜਪਾਲ ਨੇ ਤੁਰੰਤ ਦਿੱਲੀ ਵਿਚ ਆਬਕਾਰੀ ਨੀਤੀ ’ਤੇ ਮੋਹਰ ਲਗਾ ਦਿੱਤੀ।