ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਮਈ
ਦਿੱਲੀ ਕਾਂਗਰਸ ਦੇ ਨੇਤਾਵਾਂ ਤੇ ਵਰਕਰਾਂ ਨੇ ਭਾਜਪਾ ਸ਼ਾਸਿਤ ਨਗਰ ਨਿਗਮਾਂ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਦੀ ਮੁਹਿੰਮ ਖ਼ਿਲਾਫ਼ ਅੱਜ ਇੱਥੇ ਡੀਡੀਯੂ ਮਾਰਗ ’ਤੇ ਭਾਜਪਾ ਹੈੱਡਕੁਆਰਟਰ ਦੇ ਨੇੜੇ ਰਦਰਸ਼ਨ ਕੀਤਾ। ਦਿੱਲੀ ਵਿੱਚ ਭਾਜਪਾ ਤਿੰਨ ਨਗਰ ਨਿਗਮਾਂ ਉੱਤਰੀ, ਦੱਖਣੀ ਅਤੇ ਪੂਰਬੀ ਵਿੱਚ ਸੱਤਾ ਵਿੱਚ ਹੈ।
ਭਾਜਪਾ ਤੇ ਨਰਿੰਦਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨਕਾਰੀ ਭਾਜਪਾ ਹੈੱਡਕੁਆਰਟਰ ਵੱਲ ਵਧੇ ਪਰ ਪੁਲੀਸ ਵੱਲੋਂ ਲਾਏ ਬੈਰੀਕੇਡਾਂ ’ਤੇ ਉਨ੍ਹਾਂ ਨੂੰ ਰੋਕ ਲਿਆ ਗਿਆ। ਦਿੱਲੀ ਕਾਂਗਰਸ ਦੇ ਨੇਤਾ ਪਰਵੇਜ਼ ਆਲਮ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਸ਼ਾਸਿਤ ਨਗਰ ਨਿਗਮ ਗਰੀਬ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਢਾਹੁਣ ਲਈ ਇਹ ਮੁਹਿੰਮ ਚਲਾ ਰਹੇ ਹਨ ਤੇ ਕਾਂਗਰਸੀ ਵਰਕਰ ਇਸ ਨੂੰ ਰੋਕਣ ਤੱਕ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਧਰਨੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ ਤੇ ਸਾਬਕਾ ਕੌਂਸਲਰ ਅਨਿਲ ਸਮੇਤ ਕਈ ਹੋਰ ਪਾਰਟੀ ਵਰਕਰ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਥਿਤ ਦੋਸ਼ ਲਾਇਆ ਕਿ ਨਗਰ ਪਾਲਿਕਾ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੀ ਆੜ ਵਿੱਚ ਗਰੀਬਾਂ ਦੇ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਢਾਹ ਰਹੀ ਹੈ। ਵਰਕਰਾਂ ਨੇ ਕਿਹਾ ਕਿ ਭਾਜਪਾ ਸ਼ਾਸਿਤ ਐੱਮਸੀਡੀਜ਼ ਕਬਜ਼ੇ ਨਹੀਂ ਹਟਾ ਰਹੇ ਹਨ ਸਗੋਂ ਗਰੀਬਾਂ ਦੇ ਘਰ ਤੇ ਅਦਾਰੇ ਢਾਹ ਰਹੇ ਹਨ। ਇਹ ਸਹੀ ਨਹੀਂ ਹੈ। ਜਦੋਂ ਇਹ ਕਬਜ਼ੇ ਕੀਤੇ ਜਾ ਰਹੇ ਸਨ ਤਾਂ ਉਹ ਕਿੱਥੇ ਸਨ? ਗਰੀਬਾਂ ਦੀ ਇਹ ਪ੍ਰੇਸ਼ਾਨੀ ਬੰਦ ਹੋਣੀ ਚਾਹੀਦੀ ਹੈ।
ਸ਼ਹਿਰ ਦੇ ਸ਼ਾਹੀਨ ਬਾਗ, ਮਦਨਪੁਰ, ਨਿਊ ਫਰੈਂਡਜ਼ ਕਲੋਨੀ, ਬਵਾਨਾ, ਰੋਹਿਣੀ, ਮੰਗੋਲਪੁਰੀ, ਕਰੋਲ ਬਾਗ ਵਿੱਚ ਪ੍ਰੇਮ ਨਗਰ, ਗੋਕੁਲਪੁਰੀ, ਗੀਤਾ ਕਲੋਨੀ ਲੋਧੀ ਕਲੋਨੀ, ਗੋਇਲਾ ਡੇਅਰੀ, ਜਨਕਪੁਰੀ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਨਿਗਮਾਂ ਵੱਲੋਂ ਕੀਤੀ ਗਈ ਉਸਾਰੀਆਂ ਢਾਹੁਣ ਦੀ ਮੁਹਿੰਮ ਤੋਂ ਬਾਅਦ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਾਹੀਨ ਬਾਗ ਵਿੱਚ ਇਸ ਹਫਤੇ ਦੇ ਸ਼ੁਰੂ ਵਿੱਚ ਸਥਾਨਕ ਲੋਕਾਂ ਦੁਆਰਾ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਖੱਬੀਆਂ ਧਿਰਾਂ ਵੀ ਭਾਜਪਾ ਦਾ ਵਿਰੋਧ ਕਰ ਚੁੱਕੀਆਂ ਹਨ ਕਿ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਨੇ ਸ਼ਹਿਰ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਰਹਿ ਰਹੇ ‘ਰੋਹਿੰਗੀਆ ਅਤੇ ਬੰਗਲਾਦੇਸ਼ੀਆਂ’ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਕਬਜ਼ੇ ਹਟਾਉਣ ਲਈ ਪਾਰਟੀ ਸ਼ਾਸਿਤ ਨਗਰ ਨਿਗਮਾਂ ਨੂੰ ਪੱਤਰ ਲਿਖਿਆ ਹੈ।