ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਅੱਜ ਫਿਰ ਸ਼ਰਾਬ ਘੁਟਾਲੇ ’ਚ ਈਡੀ ਵੱਲੋਂ ਦਿੱਲੀ, ਪੰਜਾਬ, ਹੈਦਰਾਬਾਦ ’ਚ 35 ਥਾਵਾਂ ’ਤੇ ਛਾਪੇ ਮਾਰਨ ਤੋਂ ਬਾਅਦ ਕਿਹਾ ਕਿ ਸ਼ਰਾਬ ਘੁਟਾਲੇ ’ਚ ਮਨੀਸ਼ ਸਿਸੋਦੀਆ ਖ਼ਿਲਾਫ਼ ਸਬੂਤ ਹਨ ਤੇ ਉਸ ਖ਼ਿਲਾਫ਼ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਨਫੋਰਸਮੈਂਟ ਡਾਇਰੈਕਟੋਰੇਟ ਛੋਟੀਆਂ ਮੱਛੀਆਂ ’ਤੇ ਛਾਪੇ ਮਾਰ ਕੇ ਧਿਆਨ ਭਟਕਾਉਣ ਦਾ ਕੰਮ ਕਿਉਂ ਕਰ ਰਿਹਾ ਹੈ?
ਸੂਬਾ ਪ੍ਰਧਾਨ ਨੇ ਕਿਹਾ ਕਿ ਕੀ ਸ਼ਰਾਬ ਘੁਟਾਲੇ ’ਚ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਸੀ ਜਿਸ ਨੂੰ ਈਡੀ ਮਨੀਸ਼ ਸਿਸੋਦੀਆ ’ਤੇ ਹੱਥ ਨਹੀਂ ਪਾ ਰਹੇ ਹਨ ਤੇ ਕੇਜਰੀਵਾਲ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ’ਤੇ ਲਗਾਤਾਰ ਵਿਅੰਗਮਈ ਬਿਆਨ ਦੇ ਰਹੇ ਹਨ। ਪ੍ਰਧਾਨ ਨੇ ਕਿਹਾ ਕਿ ਸੱਚ ਸਾਹਮਣੇ ਆਉਣ ਵਿੱਚ ਦੇਰ ਹੋ ਸਕਦੀ ਹੈ ਤੇ ਹੁਣ ਭਾਜਪਾ- ‘ਆਪ’ ਦਾ ਰਿਸ਼ਤਾ ਟੁੱਟਣ ਵਿਚ ਦੇਰ ਨਹੀਂ ਹੈ, ਸਤੇਂਦਰ ਜੈਨ ਤੋਂ ਬਾਅਦ ਵਿਜੈ ਨਾਇਰ, ਸਿਸੋਦੀਆ ਜਲਦੀ ਹੀ ਜੇਲ੍ਹ ਵਿੱਚ ਹੋਣਗੇ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਰਾਜ ਨਾਲ ਕੁਝ ਹੋਰ ਮਜ਼ਬੂਤ ਰਿਸ਼ਤੇ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸ਼ਰਾਬ ਨੀਤੀ ਵਾਪਸ ਲੈ ਲਈ ਤੇ ਪੁਰਾਣੀ ਨੀਤੀ ਨੂੰ ਲਾਗੂ ਕਰ ਕੇ ਕੌਮੀ ਰਾਜਧਾਨੀ ਵਿੱਚ ਦੁਕਾਨਾਂ ਖੋਲ੍ਹ ਦਿੱਤੀਆਂ ਪਰ ਜਿਸ ਦੇ ਕਬਜ਼ੇ ਹੇਠ ਸ਼ਰਾਬ ਘੁਟਾਲਾ ਹੋਇਆ, ਉਹ ਦੇਸ਼ ਭਗਤ ਤੇ ਕੱਟੜ ਇਮਾਨਦਾਰ ਵਾਂਗ ਖੁੱਲ੍ਹੇਆਮ ਦੂਜੇ ਰਾਜਾਂ ਵਿੱਚ ਚੋਣ ਮੀਟਿੰਗਾਂ ਕਰ ਰਿਹਾ ਹੈ। ਭਾਜਪਾ-ਆਪ ਦੇ ਮੌਜੂਦਾ ਸਿਆਸੀ ਸਬੰਧਾਂ ਕਾਰਨ ਇਹ ਸੰਭਵ ਹੈ।