ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਗਸਤ
ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ (ਐਨਐੱਸਯੂਆਈ) ਤੇ ਯੂਥ ਕਾਂਗਰਸ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਟਵਿੱਟਰ ਖਾਤੇ ਨੂੰ ‘ਹੋਲਡ’ ਕੀਤੇ ਜਾਣ ਖ਼ਿਲਾਫ਼ ਜੰਤਰ-ਮੰਤਰ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਐਨਐੱਸਯੂਆਈ ਦੇ ਇੰਚਾਰਜ ਤੇ ਕੌਮੀ ਸਕੱਤਰ ਨਿਤੀਸ਼ ਗੌਡ ਤੇ ਸੂਬਾ ਪ੍ਰਧਾਨ ਕੁਨਾਲ ਸਹਿਰਾਵਤ ਨੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸੇ ਦੌਰਾਨ ਮਹਿਲਾ ਕਾਂਗਰਸ ਵੱਲੋਂ ਵੀ ਰਾਹੁਲ ਗਾਂਧੀ ਦੇ ਟਵਿੱਟਰ ਖਾਤੇ ਨੂੰ ਬੰਦ ਕਰਨ ਨੂੰ ਲੈ ਕੇ ਸੰਸਦ ਭਵਨ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਸਮੁੱਚੀ ਜਾਂਚ ਕੀਤੀ ਜਾਵੇ।
ਯਮੁਨਾਨਗਰ (ਦਵਿੰਦਰ ਸਿੰਘ): ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਨਿਰਦੇਸ਼ਾਂ ’ਤੇ ਪੈਗਾਸਸ ਜਾਸੂਸੀ, ਪੇਪਰ ਲੀਕ, ਤਿੰਨ ਖੇਤੀ ਕਾਨੂੰਨ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇੇ ਵਿਧਾਇਕ ਰੇਣੂ ਬਾਲਾ ਅਤੇ ਕੋਆਰਡੀਨੇਟਰ ਸ਼ਿਆਮ ਸੁੰਦਰ ਬੱਤਰਾ ਨੇ ਕਿਹਾ ਕਿ ਅੱਜ ਆਜ਼ਾਦੀ ਲਈ ਸੁਤੰਤਰਤਾ ਸੰਗਰਾਮ ਦਾ ਮਹੱਤਵਪੂਰਨ ਦਿਨ ਹੈ। ਕਾਂਗਰਸ ਇਸ ਧਰਨਾ ਪ੍ਰਦਰਸ਼ਨ ਰਾਹੀਂ ਕੇਂਦਰ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜਾਸੂਸੀ ਕਾਂਡ ਦੇ ਮੁੱਦੇ ’ਤੇ ਸਰਕਾਰ ਨੂੰ ਅਸਤੀਫ਼ਾ ਨੂੰ ਦੇ ਦੇਣਾ ਚਾਹੀਦਾ ਹੈ। ਵਿਧਾਇਕ ਬੀਐਲ ਸੈਣੀ ਨੇ ਕਿਹਾ ਕਿ ਭਾਜਪਾ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਾਬਕਾ ਮੰਤਰੀ ਤੇ ਕਾਂਗਰਸੀ ਨੇਤਾ ਅਸ਼ੋਕ ਅਰੋੜਾ ਤੇ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਾਂਗਰਸੀ ਕਾਰਕੁਨਾਂ ਨੇ ਵਧਦੀ ਮਹਿੰਗਾਈ, ਜਸੂਸੀ ਕਰਵਾਉਣ ਤੇ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਕਾਂਗਰਸੀ ਭਵਨ ਤੋਂ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦੇ ਹੋਏ ਅਗਰਸੈਨ ਚੌਕ ਤੇ ਪੁੱਜੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਸ਼ੋਕ ਅਰੋੜਾ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲੈਦਿਆਂ ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਦੇ ਨਾਂ ’ਤੇ ਤਿਰੰਗੇ ਦਾ ਅਪਮਨ ਹੋ ਰਿਹਾ ਹੈ।
ਯੂਥ ਕਾਂਗਰਸ ਨੇ 61ਵਾਂ ਸਥਾਪਨਾ ਮਨਾਇਆ
ਨਵੀਂ ਦਿੱਲੀ: ਇੰਡੀਅਨ ਯੂਥ ਕਾਂਗਰਸ ਨੇ ਅੱਜ ਆਈਵਾਈਸੀ ਦੇ ਰਾਸ਼ਟਰੀ ਦਫ਼ਤਰ ਵਿਚ ਸਥਾਪਨਾ ਦਿਵਸ ਦਾ 61ਵਾਂ ਸਾਲ ਮਨਾਇਆ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਝੰਡਾ ਲਹਿਰਾਇਆ ਤੇ ਯੂਥ ਕਾਂਗਰਸ ਦੇ ਵਰਕਰਾਂ ਦੇ ਨਾਲ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀ ਨੀਂਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੱਖੀ ਸੀ। ਅੱਜ ਯੂਥ ਕਾਂਗਰਸ ਦਾ ਹਰ ਵਰਕਰ ਉਸ ਮਤੇ ਨੂੰ ਪੂਰੀ ਸ਼ਰਧਾ ਨਾਲ ਪੂਰਾ ਕਰ ਰਿਹਾ ਹੈ। ਯੂਥ ਕਾਂਗਰਸ ਪੂਰੀ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰੀ ਨੌਜਵਾਨ ਸੰਗਠਨ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਪ੍ਰੇਰਨਾ ਲੈਂਦੇ ਹੋਏ ਯੂਥ ਕਾਂਗਰਸ ਵੀ ਦੇਸ਼ ਦੇ ਹਰ ਨਾਗਰਿਕ ਦੇ ਨਾਲ ਖੜ੍ਹੀ ਹੈ ਤੇ ਅੱਗੇ ਵੀ ਖੜ੍ਹੀ ਰਹੇਗੀ।