ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਫ਼ਦ ਨੇ ਅੱਜ ਸੂਬਾ ਕਾਂਗਰਸ ਹੱਦਬੰਦੀ ਕਮੇਟੀ ਦੇ ਚੇਅਰਮੈਨ ਹਰੀ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਦਿੱਲੀ ਦੇ ਲੋਕਾਂ ਤੋਂ ਵਾਰਡਬੰਦੀ ਸਬੰਧੀ ਪ੍ਰਾਪਤ ਹੋਏ 90 ਸੁਝਾਅ ਤੇ ਇਤਰਾਜ਼ ਚੋਣ ਕਮਿਸ਼ਨਰ ਨੂੰ ਸੌਂਪੇ। ਵਫ਼ਦ ਵਿੱਚ ਸਾਬਕਾ ਵਿਧਾਇਕ ਵਿਜੇ ਲੋਚਾਵ, ਰਾਜੇਸ਼ ਜੈਨ ਅਤੇ ਸਾਬਕਾ ਨਿਗਮ ਕੌਂਸਲਰ ਮੁਰਾਰੀ ਲਾਲ ਜਾਟਵ ਸ਼ਾਮਲ ਸਨ। ਹਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਦਿੱਲੀ ਕਾਂਗਰਸ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਇਤਰਾਜ਼ਾਂ ਨੂੰ ਹਰੇਕ ਵਾਰਡ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੂੰ ਸੌਂਪਿਆ ਗਿਆ ਹੈ ਤੇ ਉਮੀਦ ਹੈ ਕਿ ਚੋਣ ਕਮਿਸ਼ਨ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਕਰੇਗਾ ਅਤੇ ਸਾਰੇ ਵਾਰਡਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਕਰੇਗਾ।
ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਗਠਿਤ ਹੱਦਬੰਦੀ ਕਮੇਟੀ ਦੇ ਮੈਂਬਰਾਂ ਨਾਲ 21 ਸਤੰਬਰ ਨੂੰ ਸੂਬਾ ਕਾਂਗਰਸ ਅਨਿਲ ਚੌਧਰੀ ਦੀ ਅਗਵਾਈ ਹੇਠ ਚੋਣ ਕਮਿਸ਼ਨਰ ਵਿਜੇ ਦੇਵ ਨਾਲ ਮੁਲਾਕਾਤ ਕੀਤੀ ਤੇ ਹੱਦਬੰਦੀ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਤੇ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਨਿਗਮ ਵਾਰਡ ਦੀ ਹੱਦਬੰਦੀ ਸਬੰਧੀ ਇਤਰਾਜ਼ ਲਗਾਤਾਰ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹੱਦਬੰਦੀ ’ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਿੱਲੀ ਦੀ ਆਬਾਦੀ ਲਗਾਤਾਰ ਵਧਣ ਦੇ ਬਾਵਜੂਦ ਵਾਰਡਾਂ ਦੀ ਗਿਣਤੀ ਵਧਾਉਣ ਦੀ ਬਜਾਏ ਕਿਸ ਆਧਾਰ ’ਤੇ ਵਾਰਡਾਂ ਦੀ ਗਿਣਤੀ 272 ਤੋਂ ਘਟਾ ਕੇ 250 ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਵਾਰਡਾਂ ਦੀ ਹੱਦਬੰਦੀ ਵਿੱਚ ਵਾਰਡਾਂ ਦੀ ਗਿਣਤੀ 134 ਤੋਂ ਦੁੱਗਣੀ ਕਰ ਦਿੱਤੀ ਗਈ ਸੀ ਪਰ ਭਾਜਪਾ ਦੇ ਇਸ਼ਾਰੇ ’ਤੇ ਚੋਣ ਕਮਿਸ਼ਨ ਦੀ ਹੱਦਬੰਦੀ ਕਮੇਟੀ ਨੇ ਕਿਸੇ ਇੱਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਵਾਰਡਾਂ ਦੀ ਹੱਦਬੰਦੀ ਨੂੰ ਅੰਜਾਮ ਦਿੱਤਾ ਹੈ।