ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਪਰੈਲ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਪ੍ਰਧਾਨਗੀ ਹੇਠ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੱਦੇ ’ਤੇ ਅੱਜ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਕਾਂਗਰਸੀ ਵਰਕਰ ਦੇਸ਼ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਭਾਜਪਾ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤੇਲ ਦੀ ਖੇਡ ਨੂੰ ਰੋਕਣ ਲਈ ਇਕਜੁੱਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਕੇਜਰੀਵਾਲ ਦੇ ਪਿਛਲੇ 8 ਸਾਲਾਂ ਦੇ ਤਾਨਾਸ਼ਾਹੀ ਸਾਸ਼ਨ ਦੌਰਾਨ ਸਿਰਫ ਰਿਕਾਰਡ ਤੋੜ ਮਹਿੰਗਾਈ ਤੇ ਬੇਰੁਜ਼ਗਾਰੀ ਹੀ ਲੋਕਾਂ ਦੇ ਹੱਥ ਆਈ ਹੈ। ਮੋਦੀ ਸਰਕਾਰ 80 ਪੈਸੇ ਪ੍ਰਤੀ ਦਿਨ ਵਾਧਾ ਕਰ ਕੇ ਦੇਸ਼ ਦੀ ਜਨਤਾ ’ਤੇ ਆਰਥਿਕ ਬੋਝ ਪਾ ਰਹੀ ਹੈ ਜਦਕਿ ਦੂਜੇ ਪਾਸੇ ਤੇਲ ਕੰਪਨੀਆਂ ਨੂੰ ਫਾਇਦਾ ਪਹੁੰਚਾ ਕੇ ਕੇਂਦਰੀ ਮਾਲੀਏ ’ਚ ਐਕਸਾਈਜ਼ ਡਿਊਟੀ ਵਧਾ ਕੇ ਵਾਧੂ ਕਮਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਰੋਜ਼ ਪੈਟਰੋਲ-ਡੀਜ਼ਲ ਦੇ ਨਾਲ-ਨਾਲ ਸੀਐੱਨਜੀ-ਪੀਐੱਨਜੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਲੋਕਾਂ ਦਾ ਲੱਕ ਤੋੜ ਰਹੀ ਹੈ। ਪਿਛਲੇ ਇੱਕ ਮਹੀਨੇ ਵਿੱਚ ਸੀਐੱਨਜੀ ਦੀਆਂ ਕੀਮਤਾਂ ਵਿੱਚ 9 ਵਾਰ 12.10 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਸੀਐੱਨਜੀ 69.11 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ ਜਦੋਂ ਕਿ ਅੱਜ ਪੈਟਰੋਲ 105.41 ਰੁਪਏ ਅਤੇ ਡੀਜ਼ਲ 96.67 ਰੁਪਏ ਪ੍ਰਤੀ ਲਿਟਰ ਹੋਣ ਨਾਲ ਮਹਿੰਗਾਈ ਉੱਤੇ ਸਿੱਧਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹਰ ਰੋਜ਼ ਲੋਕਾਂ ’ਤੇ ਕਿਸ਼ਤਾਂ ’ਚ ਹਮਲੇ ਕਰ ਰਹੀ ਹੈ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਦਾ ਟੀਚਾ ਮੋਦੀ ਦੀ ਅਗਵਾਈ ਹੇਠ ਝੂਠ, ਲਾਲਚ ਤੇ ਲੁੱਟ ਦੀ ਸਰਕਾਰ ਚਲਾਉਣਾ ਹੈ, ਜਿਸ ਤਹਿਤ ਉਨ੍ਹਾਂ ਨੇ ਪੂਰੇ ਦੇਸ਼ ਨੂੰ ਵੇਚਣ ਦਾ ਖਾਕਾ ਤਿਆਰ ਕਰ ਲਿਆ ਹੈ, ਜਿਸ ਕਾਰਨ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਮੰਤਰੀ ਮੰਡਲ ਤੇਲ ਕੀਮਤਾਂ ਵਿੱਚ ਯੂਕਰੇਨ-ਰੂਸ ਜੰਗ ਦਾ ਹਵਾਲਾ ਦੇ ਰਿਹਾ ਹੈ, ਪਰ ਚੋਣਾਂ ਤੋਂ ਪਹਿਲਾਂ ਦਸੰਬਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਰ-ਵਾਰ ਵਾਧੇ ਦੇ ਕਾਰਨਾਂ ਬਾਰੇ ਨਹੀਂ ਦੱਸ ਰਿਹਾ।
ਨਿੰਬੂ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦਕਿ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਕੌਮੀ ਰਾਜਧਾਨੀ ਵਿੱਚ ਕੇਜਰੀਵਾਲ ਦਾ ਰਾਜ ਮਹਿੰਗਾਈ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਕਿ ਗਰੀਬ ਆਦਮੀ ਸਮੇਂ ਦੀ ਰੋਟੀ ਇਕੱਠੀ ਕਰਨ ਤੋਂ ਅਸਮਰੱਥ ਹੈ। ਜੰਤਰ-ਮੰਤਰ ਵਿਖੇ ਮਹਿੰਗਾਈ ਮੁਕਤ ਭਾਰਤ ਮੁਹਿੰਮ ਦੇ ਧਰਨੇ ਵਿੱਚ ਸੂਬਾ ਪ੍ਰਧਾਨ ਚੌਧਰੀ ਅਨਿਲ ਕੁਮਾਰ ਤੋਂ ਇਲਾਵਾ ਏ.ਬੀ.ਕੇ ਕਮੇਟੀ ਦਿੱਲੀ ਦੇ ਇੰਚਾਰਜ ਸ਼ਕਤੀ ਸਿੰਘ ਗੋਹਿਲ, ਸਾਬਕਾ ਸੰਸਦ ਮੈਂਬਰ ਡੀਪੀ ਰਾਏ, ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਤੇ ਹੋਰ ਆਗੂ ਹਾਜ਼ਰ ਸਨ।