ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਜੂਨ
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਈਡੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਪਾਰਟੀ ਕਾਰਕੁਨਾਂ ਨੇ ਅੱਜ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਕਾਰਕੁਨਾਂ ਵੱਲੋਂ ਅੱਜ ਸਵੇਰ ਤੋਂ ਹੀ ਕਾਂਗਰਸ ਦੇ ਹੈੱਡਕੁਆਰਟਰ ਦੇ ਬਾਹਰ ਡੇਰੇ ਲਾਏ ਗਏ ਅਤੇ ਈਡੀ ਵੱਲੋਂ ਦੋਵਾਂ ਸੋਨੀਆ ਤੇ ਰਾਹੁਲ ਨੂੰ ਸੰਮਨ ਭੇਜੇ ਜਾਣ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਕਾਂਗਰਸ ਨੇਤਾ ਜਗਦੀਸ਼ ਸ਼ਰਮਾ ਨੇ ਕਿਹਾ, ‘ਸੋਨੀਆ ਗਾਂਧੀ ਦੇਸ਼ ਨੂੰ ਬਚਾਉਣ ਦੀ ਗੱਲ ਕਰ ਰਹੀ ਹੈ, ਪਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਕਹਿੰਦੇ ਹਨ ਕਿ ਈਡੀ ਤੁਹਾਨੂੰ ਬੁਲਾ ਰਹੀ ਹੈ। ਸਰਕਾਰ ਪੂਰੀ ਤਰ੍ਹਾਂ ਈਡੀ ਦੀ ਦੁਰਵਰਤੋਂ ਕਰ ਰਹੀ ਹੈ।’ ਸ਼ਰਮਾ ਨੇ ਸਵਾਲ ਕੀਤਾ, ‘ਸੋਨੀਆ ਗਾਂਧੀ ਨੇ ਆਪਣੇ ਪਤੀ ਨੂੰ ਇਸ ਦੇਸ਼ ਲਈ ਗੁਆ ਦਿੱਤਾ, ਭਾਰਤ ਉਸਦੀ ਬੇਇੱਜ਼ਤੀ ਨੂੰ ਬਰਦਾਸ਼ਤ ਨਹੀਂ ਕਰੇਗਾ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਦੇਸ਼ ਨੂੰ ਵੇਚਣ ਵਾਲਿਆਂ ਨੂੰ ਸੰਮਨ ਕਦੋਂ ਭੇਜੇ ਜਾਣਗੇ।’
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਨੈਸ਼ਨਲ ਹੈਰਾਲਡ ਨਾਲ ਸਬੰਧਤ ਇੱਕ ਮਾਮਲੇ ਵਿੱਚ ਈਡੀ ਨੇ 8 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ, ਪਰ ਉਹ ਕੋਵਿਡ-19 ਤੋਂ ਪੀੜਤ ਹੋਣ ਕਾਰਨ ਪੇਸ਼ ਨਹੀਂ ਹੋ ਸਕੇ। ਸੋਨੀਆ ਗਾਂਧੀ ਨੂੰ ਦੋ ਜੂਨ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੇ ਪੁੱਤਰ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ 13 ਜੂਨ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ। ਕਾਂਗਰਸ ਨੇ ਈਡੀ ਦੇ ਸੰਮਨ ਨੂੰ ‘ਬਦਲੇ ਦੀ ਰਾਜਨੀਤੀ’ ਕਰਾਰ ਦਿੱਤਾ ਹੈ।