ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਮਾਰਚ
ਕੌਮੀ ਯੂਥ ਕਾਂਗਰਸ ਤੇ ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਤੇਲ ਪਦਾਰਥਾਂ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਖ਼ਿਲਾਫ਼ ਦੋ ਵੱਖ-ਵੱਖ ਰੋਸ ਪ੍ਰਦਰਸ਼ਨ ਦਿੱਲੀ ਵਿੱਚ ਕੀਤੇ ਗਏ। ਯੂਥ ਕਾਂਗਰਸ ਨੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਸ਼ਾਸ਼ਤਰੀ ਭਵਨ ਦਾ ਘਿਰਾਓ ਕੀਤਾ ਗਿਆ ਜੱਦੋਂਕਿ ਦਿੱਲੀ ਕਾਂਗਰਸ ਦੇ ਆਗੂਆਂ ਨੇ ਭਾਜਪਾ ਦੇ ਕੌਮੀ ਦਫ਼ਤਰ ਨੇੜੇ ਦੀਨ ਦਿਆਲ ਉਪਾਧਿਆਏ ਮਾਰਗ ਉਪਰ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਥ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਵਧਦੀ ਮਹਿੰਗਾਈ, ਪੈਟਰੋਲ ਤੇ ਡੀਜ਼ਲ ਸਮੇਤ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ। ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਇੱਕ ਦਸੰਬਰ ਤੋਂ ਲੈ ਕੇ ਹੁਣ ਤੱਕ ਛੇ ਵਾਰ ਰਸੋਈ ਗੈਸ ਦੀਆਂ ਕੀਮਤਾਂ ਵਿੱਚ 225 ਰੁਪਏ ਤੱਕ ਦਾ ਵਾਧਾ ਹੋ ਚੁੱਕਾ ਹੈ। ਕਦੇ ਇਹੀ ਭਾਜਪਾ ਪੰਜ ਰੁਪਏ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀ ਕੀਮਤ ਵਧਣ ਉਪਰ ਸੜਕਾਂ ਉਪਰ ਪ੍ਰਦਰਸ਼ਨ ਕਰ ਰਹੀ ਸੀ। ਹੁਣ ਚੌਤਰਫ਼ਾ ਮਹਿੰਗਾਈ ਦੀ ਮਾਰ ਆਮ ਲੋਕ ਝੱਲ ਰਹੇ ਹਨ ਪਰ ਹੁਣ ਭਾਜਪਾਈ ਮੋਨ ਹਨ। ਉਨ੍ਹਾਂ ਕਿਹਾ ਕਿ ਕਈ ਰਾਜਾਂ ਵਿੱਚ ਪੈਟਰੋਲ 100/- ਦੇ ਪਾਰ ਹੋ ਚੁੱਕਾ ਹੈ। ਡੀਜ਼ਲ 90 ਰੁਪਏ ਤੇ ਰਸੋਈ ਦੀ ਗੈਸ ਦਿਨੋਂ-ਦਿਨ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਧੀਆਂ ਕੀਮਤਾਂ ਦਾ ਠੀਕਰਾ ਕਾਂਗਰਸ ਉਪਰ ਭੰਨ੍ਹ ਕੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਕਰਕੇ ਯੂਥ ਕਾਂਗਰਸ ਨੇ ਭਾਜਪਾ ਤੇ ਕੇਂਦਰ ਸਰਕਾਰ ਨੂੰ ਜਗਾਉਣ ਲਈ ਇਹ ਘਿਰਾਓ ਕੀਤਾ ਹੈ। ਉਧਰ ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਭਾਜਪਾ ਦੇ ਕੌਮੀ ਦਫ਼ਤਰ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮਾਰਚ ਕੱਢ ਕੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਗਈ। ਕਾਂਗਰਸੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ‘ਮੋਦੀ ਸਰਕਾਰ ਦਾ ਇਹ ਖੇਲ, ਮਹਿੰਗੀ ਗੈਸ ਮਹਿੰਗਾ ਤੇਲ’, ‘ਭਾਜਪਾ ਸਰਕਾਰ ਜਦੋਂ ਤੋਂ ਆਈ ਹੈ, ‘ਮਹਿੰਗਾਈ ਲਿਆਈ ਹੈ’, ‘ਮਹਿੰਗਾਈ ਦਾ ਖੇਲ-ਸਿਲੰਡਰ ਉਛਲਿਆ-ਮਹਿੰਗੀ ਰੇਲ’ ਦੇ ਨਾਹਰੇ ਲਿਖੇ ਹੋਏ ਸਨ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਸ੍ਰਪ੍ਰਸਤੀ ਹੇਠ ਤੇਲ ਕੰਪਨੀਆਂ ਬੇਲਗਾਮ ਹੋ ਗਈਆਂ ਹਨ।
ਮਹਿੰਗਾਈ ਤੇ ਕਿਸਾਨ ਅੰਦੋਲਨ ਭਾਜਪਾ ਸਰਕਾਰ ਦਾ ਪਤਨ ਬਣਨਗੇ
ਸ਼ਾਹਬਾਦ (ਪੱਤਰ ਪ੍ਰੇਰਕ): ਕਾਂਗਰਸੀ ਨੇਤਾ ਜਗਮੋਹਨ ਸੇਠੀ ਨੇ ਕਿਹਾ ਹੈ ਕਿ ਗੈਸ, ਡੀਜ਼ਲ ਤੇ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਤੇ ਕਿਸਾਨ ਅੰਦੋਲਨ ਭਾਜਪਾ ਸਰਕਾਰ ਦੇ ਪਤਨ ਦਾ ਕਾਰਨ ਬਣਨਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਸਾਰਾ ਦੇਸ਼ ਮੁੱਠੀ ਭਰ ਪੂੰਜੀਪਤੀਆਂ ਦਾ ਗੁਲਾਮ ਬਣ ਕੇ ਰਹਿ ਜਾਏਗਾ।