ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਗਸਤ
ਦਿੱਲੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਦਿੱਲੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਗੂਆਂ ਨੇ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਡੀਡੀਯੂ ਮਾਰਗ ਸਥਿਤ ਦਿੱਲੀ ਕਾਂਗਰਸ ਦਫ਼ਤਰ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ‘ਆਪ’ ਹੈੱਡਕੁਆਰਟਰ ਵੱਲ ਮਾਰਚ ਕੀਤਾ। ਇਸ ਦੌਰਾਨ ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਨੇ ਜਿਉਂ ਹੀ ‘ਆਪ’ ਦੇ ਕੌਮੀ ਦਫ਼ਤਰ ਵੱਲ ਮਾਰਚ ਸ਼ੁਰੂ ਕੀਤਾ ਤਾਂ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀ ਉੱਥੇ ਹੀ ਰੋਕ ਦਿੱਤੇ। ਦੋਨਾਂ ਪਾਰਟੀਆਂ ਦੇ ਦਫ਼ਤਰ ਦੀਨ ਦਿਆਲ ਉਪਾਧਿਆਏ ਮਾਰਗ (ਡੀਡੀਯੂ ਮਾਰਗ) ’ਤੇ ਹੀ ਕਰੀਬ 200 ਮੀਟਰ ਦੀ ਵਿੱਥ ਉਪਰ ਸਥਿਤ ਹਨ।
ਇਸ ਕਰਕੇ ਇਸ ਸੜਕ ਦੀ ਆਵਾਜਾਈ ਦਿੱਲੀ ਗੇਟ ਵੱਲ ਮੋੜ ਦਿੱਤੀ ਗਈ। ਮਾਰਚ ਦੌਰਾਨ ਕਾਂਗਰਸੀਆਂ ਨੇ ‘ਕੇਜਰੀਵਾਲ ਹਾਏ-ਹਾਏ’, ‘ਮਨੀਸ਼ ਸਿਸੋਦੀਆ ਹਾਏ ਹਾਏ’, ‘ਸ਼ਰਾਬ ਮਾਫ਼ੀਆ ਮੁਰਦਾਬਾਦ’ ਤੇ ‘ਦਿੱਲੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਏ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਪੁਤਲਾ ਵੀ ਫੂਕਿਆ। ਦਿੱਲੀ ਕਾਂਗਰਸ ਨੇ ਮੰਗ ਕੀਤੀ ਕਿ ਕੇਜਰੀਵਾਲ ਨੂੰ ਸਿਸੋਦੀਆ ਨੂੰ ਆਪਣੀ ਕੈਬਨਿਟ ਤੋਂ ਹਟਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਨਾਂ ਆਬਕਾਰੀ ਨੀਤੀ ‘ਘਪਲੇ’ ਵਿੱਚ ਸੀਬੀਆਈ ਦੁਆਰਾ ਦਰਜ ਕੀਤੀ ਗਈ ਐਫਆਈਆਰ ਵਿੱਚ ਹੈ। ਸ਼ੁੱਕਰਵਾਰ ਨੂੰ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਸੀਬੀਆਈ ਨੇ ਸਿਸੋਦੀਆ ਦੇ ਘਰ ਦੀ ਕਈ ਘੰਟਿਆਂ ਤੱਕ ਤਲਾਸ਼ੀ ਲਈ ਸੀ। ਜਾਂਚ ਏਜੰਸੀ ਵੱਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਸਿਸੋਦੀਆ ਦਾ ਨਾਮ 15 ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।