ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਦਿੱਲੀ ਵਿਧਾਨ ਸਭਾ ਵਿੱਚ 15 ਸਾਲ ਸਰਦਾਰੀ ਕਾਇਮ ਰੱਖਣ ਵਾਲੀ ਕਾਂਗਰਸ ਵੱਲੋਂ ਹੁਣ ਸੂਬੇ ਵਿੱਚ ਪਾਰਟੀ ’ਚ ਵੱਡੀ ਤਬਦੀਲੀ ਦੀ ਤਿਆਰੀ ਖਿੱਚੀ ਗਈ ਹੈ। ਪਾਰਟੀ ਤੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਅਗਲੇ ਦਿਨਾਂ ਦੌਰਾਨ ਦਿੱਲੀ ਪ੍ਰਦੇਸ਼ ਦਾ ‘ਸ਼ਿਵਰ’ ਵੀ ਕਰਵਾਇਆ ਜਾਵੇਗਾ ਤੇ ਦਿੱਲੀ ਪ੍ਰਦੇਸ਼ ਇਕਾਈ ਦੇ ਸਾਰੇ ਪਾਰਟੀ ਵਿੰਗਾਂ ਦੀ ਸ਼ਮੂਲੀਅਤ ਕਰਵਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ। ਉਕਤ ਸ਼ਿਵਰ ਜੂਨ ਦੇ ਪਹਿਲੇ ਹਫ਼ਤੇ ਕਰਵਾਇਆ ਜਾਵੇਗਾ। ਪਾਰਟੀ ਆਗੂਆਂ ਮੁਤਾਬਕ ਉਦੈਪੁਰ ਦੀ ਤਰਜ਼ ’ਤੇ ਦਿੱਲੀ ਵਿੱਚ ਕੈਂਪ ਲਾਇਆ ਜਾਵੇਗਾ। ਕੈਂਪ ਵਿੱਚ ਸਾਬਕਾ ਪ੍ਰਧਾਨਾਂ, ਸਾਬਕਾ ਕੇਂਦਰੀ ਮੰਤਰੀਆਂ, ਸਾਬਕਾ ਸੰਸਦ ਮੈਂਬਰਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਤੇ ਬਲਾਕ ਪੱਧਰ ਦੇ ਆਗੂਆਂ ਸਮੇਤ ਹੋਰ ਵਿੰਗਾਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਨੂੰ ਬੁਲਾਇਆ ਜਾਵੇਗਾ।