ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਕਤੂਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਰਾਜਧਾਨੀ ਦਿੱਲੀ ਵਿੱਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਦੁੱਗਣੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਐੱਮਸੀਡੀ ਤੇ ਦਿੱਲੀ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਅਹਿਮ ਕਦਮ ਚੁੱਕਣ ਦੀ ਬਜਾਏ ਇਕ-ਦੂਜੇ’ਤੇ ਦੋਸ਼ ਅਤੇ ਜਵਾਬੀ ਦੋਸ਼ਾਂ ਦੀ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਤੇ ਦਿੱਲੀ ਸਰਕਾਰ ਦੀ ਦੋਸ਼-ਵਿਰੋਧੀ ਰਾਜਨੀਤੀ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਡੇਂਗੂ ਦੇ ਕੇਸਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੂੜਾ ਕਰਕਟ ਤੇ ਗੰਦਾ ਪਾਣੀ ਸ਼ਹਿਰ ਵਿੱਚ ਮੱਛਰਾਂ ਦੀ ਪੈਦਾਵਾਰ ਦਾ ਮੁੱਖ ਕਾਰਨ ਹਨ ਅਤੇ ਐਮ.ਸੀ.ਡੀ ਦੀ ਫੋਗਿੰਗ ਤੇ ਦਵਾਈਆਂ ਦਾ ਛਿੜਕਾਅ ਨਾ ਹੋਣ ਕਾਰਨ ਸ਼ਹਿਰ ਵਿੱਚ ਮੱਛਰਾਂ ਦੀ ਗਿਣਤੀ ਵੱਧ ਰਹੀ ਹੈ ਜਿਸ ਨਾਲ ਡੇਂਗੂ ਦਾ ਖ਼ਤਰਾ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਪਲੇਟਲੈਟਸ ਨਾ ਮਿਲਣ ਅਤੇ ਡੇਂਗੂ ਦਾ ਸਹੀ ਇਲਾਜ ਨਾ ਹੋਣ ਕਾਰਨ ਮਰੀਜ਼ ਸਹੀ ਅਤੇ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਦਾ ਦਿੱਲੀ ਮਾਡਲ ਹੋਣ ਦਾ ਦਾਅਵਾ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਮੀਨੀ ਪੱਧਰ ‘ਤੇ ਬਿਮਾਰੀਆਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਤੇ ਐਮਸੀਡੀ ਵੀ ਮੱਛਰਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਰਾਜਧਾਨੀ ਵਿੱਚ ਡੇਂਗੂ ਤੇ ਮਲੇਰੀਆ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।