ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸ ਦੇ ਵਫ਼ਦ ਨੇ ਅੱਜ ਨਿਗਮ ਹੱਦਬੰਦੀ ਕਮੇਟੀ ਦੇ ਚੇਅਰਮੈਨ ਵਿਜੇ ਦੇਵ ਨਾਲ ਮੁਲਾਕਾਤ ਕਰਕੇ ਵਾਰਡਬੰਦੀ ਸਬੰਧੀ ਕਾਂਗਰਸ ਪਾਰਟੀ ਦੇ ਇਤਰਾਜ਼ ਅਤੇ ਸੁਝਾਅ ਲਏ। ਸੂਬਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਇੱਕਤਰਫ਼ਾ ਹੱਦਬੰਦੀ ’ਤੇ ਇਤਰਾਜ਼ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਕਮੇਟੀ ਦੇ ਚੇਅਰਮੈਨ ਵਿਜੇ ਦੇਵ ਨੇ ਭਰੋਸਾ ਦਿਵਾਇਆ ਹੈ ਕਿ ਹੱਦਬੰਦੀ ਦੇ ਖਰੜੇ ਵਿਚਲੀਆਂ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇ ਨਿਗਮ ਨੇ ਹੱਦਬੰਦੀ ਕਮੇਟੀ ਦੇ ਖਰੜੇ ਵਿੱਚ ਸੁਧਾਰ ਨਾ ਕੀਤਾ ਤਾਂ ਅਦਾਲਤ ਵਿੱਚ ਵੀ ਜਾਵਾਂਗੇ। ਉਨ੍ਹਾਂ ਦੋਸ਼ ਲਾਇਆ ਕਿ ਡਰਾਫਟ ਤਿਆਰ ਕਰਨ ਸਮੇਂ ਭਾਜਪਾ ਦੀ ਜਿੱਤ-ਹਾਰ ਨੂੰ ਮੁੱਖ ਰੱਖਦਿਆਂ ਦਲਿਤ ਅਤੇ ਘੱਟ ਗਿਣਤੀ ਵਾਲੇ ਵਾਰਡਾਂ ਦੀ ਆਬਾਦੀ ਨੂੰ ਵੱਖ-ਵੱਖ ਵਾਰਡਾਂ ਵਿਚ ਤਬਦੀਲ ਕਰਕੇ ਭਾਜਪਾ ਦੀ ਮਦਦ ਲਈ ਹੱਦਬੰਦੀ ਦਾ ਖਰੜਾ ਤਿਆਰ ਕੀਤਾ ਹੈ। ਘੱਟੋ-ਘੱਟ 3 ਵਾਰਡਾਂ ਦੀ ਸ਼ਰਤ ਰੱਖ ਕੇ ਦਲਿਤ ਬਹੁਗਿਣਤੀ ਵਿਧਾਨ ਸਭਾਵਾਂ ਜਿਵੇਂ ਕੰਦਲੀ, ਤ੍ਰਿਲੋਕਪੁਰੀ, ਮੰਗੋਲਪੁਰੀ, ਸੀਮਾਪੁਰੀ, ਮਾਦੀਪੁਰ ਵਿੱਚ ਵਾਰਡਾਂ ਦੀ ਗਿਣਤੀ ਘਟਾ ਕੇ ਸਿਰਫ਼ ਇੱਕ ਵਾਰਡ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਵਾਰਡਬੰਦੀ ਦੇ ਨੋਟੀਫਿਕੇਸ਼ਨ ਵਿੱਚ ਪ੍ਰਤੀ ਵਾਰਡ ਦੀ ਔਸਤ ਆਬਾਦੀ 65000 ਜਾਂ ਵਾਰਡ ਵਿੱਚ 10 ਫੀਸਦੀ ਆਬਾਦੀ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਸਪੱਸ਼ਟ ਹੋਣ ਦੇ ਬਾਵਜੂਦ ਜਦੋਂ ਹੱਦਬੰਦੀ ਦਾ ਖਰੜਾ ਜਨਤਕ ਹੋਇਆ ਤਾਂ ਇਸ ਵਿੱਚ 72 ਵਾਰਡ ਹਨ ਜਿੱਥੇ ਇਹ ਨਿਯਮ ਲਾਗੂ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਡਰਾਫਟ ਵਿੱਚ 32 ਵਾਰਡ ਬਣਾਏ ਗਏ ਹਨ, ਜਿਨ੍ਹਾਂ ਦੀ ਆਬਾਦੀ 80 ਹਜ਼ਾਰ ਤੋਂ ਵੱਧ ਹੈ ਤੇ 80 ਵਾਰਡਾਂ ਵਿੱਚ ਆਬਾਦੀ ਔਸਤ ਆਬਾਦੀ ਦੇ 10 ਫੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਹੱਦਬੰਦੀ ਦੇ ਖਰੜੇ ਵਿੱਚ ਅਨੁਸੂਚਿਤ ਜਾਤੀਆਂ ਲਈ 42 ਵਾਰਡ ਰਾਖਵੇਂ ਰੱਖੇ ਗਏ ਹਨ।