ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ‘ਆਪ’ ਮੰਤਰੀ ਸਤੇਂਦਰ ਜੈਨ ਹਵਾਲਾ ਦਸਤਾਵੇਜ਼ਾਂ ਨਾਲ ਈਡੀ ਦੇ ਸਾਹਮਣੇ ਪੇਸ਼ ਹੋਣ ’ਤੇ ਕੋਵਿਡ ਕਾਰਨ ਆਪਣੀ ਯਾਦਦਾਸ਼ਤ ਗੁਆਉਣ ਦਾ ਦਿਖਾਵਾ ਕਰ ਰਹੇ ਹਨ । ਉਹ ਪੂਰੀ ਤਰ੍ਹਾਂ ਆਪਣੇ ਆਪ ਦੇ ਨਾਲ-ਨਾਲ ਮੁੱਖ ਮੰਤਰੀ ਕੇਜਰੀਵਾਲ ਨੂੰ ਬਚਾਉਣ ਦੀ ਪ੍ਰਕਿਰਿਆ ਵਿੱਚ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਾ ਕਾਂਗਰਸ ਮੰਗ ਕਰਦੀ ਹੈ ਕਿ ਕੇਜਰੀਵਾਲ ਸਤੇਂਦਰ ਜੈਨ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਈਡੀ ਦੀ ਛਾਪੇਮਾਰੀ ਵਿੱਚ ਉਹ ਅਤੇ ਉਸ ਦੇ ਸਾਥੀ ਹਵਾਲਾ ਡੀਲਰ ਸਿਧਾਰਥ ਜੈਨ, ਵਿਭਵ ਜੈਨ, ਜੀਐੱਸ. ਮਾਥੁਰ ਆਦਿ ਕੋਲੋਂ 2.85 ਕਰੋੜ ਰੁਪਏ ਨਕਦ ਅਤੇ 133 ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਹਨ। ਇਸ ਲਈ ਜੈਨ ਨੂੰ ਜਲਦੀ ਬਰਖ਼ਾਸਤ ਕਰਨਾ ਚਾਹੀਦਾ ਹੈ।