ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਫਰਵਰੀ
ਇਥੇ ਕਾਂਗਰਸੀ ਕੌਂਸਲਰ ਕੁਮਾਰੀ ਰਿੰਕੂ ਆਪਣੇ ਸਮਰਥਕਾਂ ਸਮੇਤ ਸੂਬਾ ਭਾਜਪਾ ਪ੍ਰਧਾਨ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ। ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਨੰਦ ਨਗਰੀ ਤੋਂ ਕਾਂਗਰਸ ਆਗੂ ਤੇ ਨਿਗਮ ਕੌਂਸਲਰ ਕੁਮਾਰੀ ਰਿੰਕੂ ਨੂੰ ਪਟਕਾ ਪਹਿਨਾ ਕੇ ਸ਼ਾਮਲ ਕੀਤਾ। ਕੁਮਾਰੀ ਰਿੰਕੂ ਨੇ ਕਿਹਾ,‘‘ ਭਾਜਪਾ ਦੀ ਸੰਸਥਾ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਮੈਂ ਭਰੋਸਾ ਦਿਵਾਉਂਦੀ ਹਾਂ ਕਿ ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਮੈਂ ਉਸ ਨੂੰ ਇਮਾਨਦਾਰੀ ਨਾਲ ਨਿਭਾਵਾਂਗੀ ਤੇ ਆਪਣੇ ਕੰਮਾਂ ਨੂੰ ਨੰਦ ਨਗਰੀ ਦੇ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਪੂਰੀ ਵਾਹ ਲਾਈ ਰੱਖਾਂਗੀ।’’
ਉਧਰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਨਗਰ ਕੌਂਸਲਰ ਜ਼ੁਬੈਰ ਅਹਿਮਦ ਨੂੰ ਪੂਰਬੀ ਦਿੱਲੀ ਵਿੱਚ ਕਾਂਗਰਸ ਪਾਰਟੀ ਦਾ ਆਗੂ ਨਿਯੁਕਤ ਕੀਤਾ ਹੈ। ਨਿਗਮ ਕੌਂਸਲਰ ਰਿੰਕੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਸ੍ਰੀ ਜ਼ੁਬੈਰ ਅਹਿਮਦ ਹੁਣ ਸਦਨ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਮੁੱਦਿਆਂ ’ਤੇ ਪੂਰਬੀ ਦਿੱਲੀ ਨਗਰ ਨਿਗਮ ਦੀ ਪ੍ਰਤੀਨਿਧਤਾ ਕਰਨਗੇ। ਦੂਜੇ ਪਾਸੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾ: ਨਰਿੰਦਰ ਨਾਥ ਨੇ ਨਿਗਮ ਕੌਂਸਲਰ ਰਿੰਕੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਕਾਂਗਰਸ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ।