ਪੱਤਰ ਪ੍ਰੇਰਕ
ਨਵੀਂ ਦਿੱਲੀ , 4 ਫਰਵਰੀ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਸ਼ਾਸਿਤ ਦਿੱਲੀ ਨਗਰ ਨਿਗਮਾਂ ’ਚ ਭ੍ਰਿਸ਼ਟਾਚਾਰ ਇੰਨਾ ਫੈਲ ਗਿਆ ਹੈ ਕਿ ਪੂਰਬੀ ਦਿੱਲੀ ਦੇ ਐੱਮਸੀਡੀ ਦੇ ਸਭ ਤੋਂ ਵੱਡੇ ਹਸਪਤਾਲ ਸਵਾਮੀ ਦਯਾਨੰਦ ਹਸਪਤਾਲ ਦੇ ਲਗਪਗ 100 ਡਾਕਟਰ, ਨਰਸਾਂ ਤੇ ਪੈਰਾ ਮੈਡੀਕਲ ਸਟਾਫ, ਜਿਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ। 1 ਫਰਵਰੀ ਤੋਂ ਉਨ੍ਹਾਂ ਸਾਰੇ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ ਜੋ ਕਿ 2022 ਤੋਂ ਆਪਣੀਆਂ ਬਕਾਇਆ ਤਨਖਾਹਾਂ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਹਨ, ਨੂੰ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਕੰਮਾਂ ਬਦਲੇ ਉਨ੍ਹਾਂ ਦੀਆਂ ਤਨਖਾਹਾਂ ਦੇਣ ਦੀ ਬਜਾਏ ਹੜਤਾਲ ਸਮਾਪਤ ਕਰਨ ਦੇ ਨੋਟਿਸ ਜਾਰੀ ਕਰਕੇ ਅਣਮਨੁੱਖੀ ਕੰਮ ਕੀਤਾ ਹੈ। ਕਾਂਗਰਸ ਪਾਰਟੀ ਡਾਕਟਰਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਤੇ ਭਾਜਪਾ ਸ਼ਾਸਿਤ ਐੱਮਸੀਡੀ ਤੋਂ ਮੰਗ ਕਰਦੀ ਹੈ ਕਿ ਜਿਹੜੇ ਡਾਕਟਰ 3 ਮਹੀਨਿਆਂ ਤੋਂ ਰੁਕੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਤਨਖਾਹ ਦਿੱਤੀ ਜਾਵੇ। ਅਨਿਲ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਕਾਰਨ ਓਪੀਡੀ ਸਮੇਤ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ, ਜਿਸ ਕਾਰਨ ਗਰੀਬ ਮਰੀਜ਼ ਪ੍ਰੇਸ਼ਾਨ ਹਨ, ਜਿਨ੍ਹਾਂ ਦੇ ਇਲਾਜ ਲਈ ਹਸਪਤਾਲ ਹੀ ਇੱਕੋ ਇੱਕ ਸਹਾਰਾ ਹੈ। ਦਿੱਲੀ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਜਲਦੀ ਠੀਕ ਹੋਣ ਵਿੱਚ ਡਾਕਟਰਾਂ ਦੀ ਅਹਿਮ ਭੂਮਿਕਾ ਰਹੀ ਹੈ, ਡਾਕਟਰਾਂ ਨੇ ਕਰੋਨਾ ਦੇ ਦੌਰ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ ਅਤੇ ਐੱਮਸੀਡੀ ਵਿੱਚ ਬੈਠੀ ਭਾਜਪਾ ਸਰਕਾਰ ਦਾ ਅਜਿਹਾ ਹੀ ਹਾਲ ਹੈ। ੱਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਡਾਕਟਰਾਂ ਵੱਲੋਂ ਹੜਤਾਲ ’ਤੇ ਜਾਣ ਕਾਰਨ ਦਯਾਨੰਦ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ।