ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਅਪਰੈਲ
ਦਿੱਲੀ ਵਿੱਚ ਸੀਐਨਜੀ ਸਮੇਤ ਪੈਟਰੋਲ/ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਮਾੜਾ ਅਸਰ ਕੌਮੀ ਰਾਜਧਾਨੀ ਵਿੱਚ ਚੱਲਦੇ ਆਟੋਆਂ, ਕੈਬਾਂ, ਟੈਕਸੀਆਂ ਵਾਲਿਆਂ ’ਤੇ ਪੈ ਰਿਹਾ ਹੈ ਤੇ ਉਨ੍ਹਾਂ ਦੀ ਕਮਾਈ ਦਾ ਬਹੁਤਾ ਹਿੱਸਾ ਸੀਐੱਨਜੀ ਅਤੇ ਤੇਲ ਭਰਵਾਉਣ ਉਪਰ ਹੀ ਖਰਚ ਹੋ ਜਾਂਦਾ ਹੈ। ਦਿੱਲੀ ਦੇ ਆਟੋ ਤੇ ਟੈਕਸੀ ਚਾਲਕਾਂ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਆਟੋ ਯੂਨੀਅਨਾਂ ਨੇ ਸੂਬਾ ਕਾਂਗਰਸ ਨਾਲ ਮਿਲ ਕੇ ਦਿੱਲੀ ਸਕੱਤਰੇਤ ਕੋਲ ਸੰਕੇਤਕ ਹੜਤਾਲ ਕੀਤੀ ਤੇ ਦਿੱਲੀ ਸਰਕਾਰ/ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਵੱਲੋਂ ਸੀਐੱਨਜੀ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਮਿਸਾਲ ਵਾਧੇ ਦੇ ਨਾਲ-ਨਾਲ ਸੀਐੱਨਜੀ ਪੈਟਰੋਲ ਤੇ ਡੀਜ਼ਲ, ਹਜ਼ਾਰਾਂ ਆਟੋ-ਟੈਕਸੀ ਚਾਲਕਾਂ, ਟੈਕਸੀ, ਕੈਬ ਡਰਾਈਵਰਾਂ ਲਈ ਮੁਸ਼ਕਲ ਬਣਾ ਦਿੱਤੀ ਹੈ। ਦਿੱਲੀ ਆਟੋ ਰਿਕਸ਼ਾ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸੀਐੱਨਜੀ ਦੇ ਰੇਟਾਂ ’ਤੇ ਸਬਸਿਡੀ ਦੇ ਕੇ ਰਾਹਤ ਨਾ ਦਿੱਤੀ ਗਈ ਤਾਂ ਉਹ 18 ਅਪਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਕੇਂਦਰ ਅਤੇ ਦਿੱਲੀ ਸਰਕਾਰ ਦੀ ਹੋਵੇਗੀ।
ਆਟੋ ਯੂਨੀਅਨ ਦੇ ਅਹੁਦੇਦਾਰ ਤਜਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਆਟੋ ਚਾਲਕਾਂ ਦੀ ਮੁੱਖ ਮੰਗ ਸੀਐੱਨਜੀ ਦੇ ਰੇਟ ਘਟਾਉਣ ਦੇ ਨਾਲ-ਨਾਲ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਚਲਾਨ ਕੱਟਣ ਤੋਂ ਬਾਅਦ ਆਟੋ ਚਾਲਕਾਂ ਨੂੰ ਪੰਦਰਾਂ ਦਿਨਾਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਿਸ਼ਵਤ ਲਏ ਬਿਨਾਂ ਆਟੋ ਛੱਡਿਆ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਤੱਕ ਆਟੋ ਨਹੀਂ ਮਿਲਦਾ ਤਾਂ ਗਰੀਬ ਆਟੋ ਚਾਲਕ ਦਾ ਪਰਿਵਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਅਥਾਰਟੀ ਨੂੰ ਚਾਹੀਦਾ ਹੈ ਕਿ ਉਹ ਮੌਕੇ ’ਤੇ ਆਟੋ ਚਾਲਕਾਂ ਦੇ ਚਲਾਨ ਕੱਟ ਕੇ 5000 ਰੁਪਏ ਜੁਰਮਾਨੇ ਦੀ ਰਕਮ ਘਟਾ ਕੇ ਉਨ੍ਹਾਂ ਦੇ ਆਟੋ ਬੰਦ ਕਰਨ ਦੀ ਨੀਤੀ ਬਦਲੇ ਤਾਂ ਜੋ ਆਟੋ ਚਾਲਕ ਦੇ ਪਰਿਵਾਰ ਨੂੰ ਆਰਥਿਕ ਤੌਰ ’ਤੇ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।
ਅੱਛੇ ਦਿਨਾਂ ਦੀ ਥਾਂ ‘ਮਹਿੰਗੇ ਦਿਨ’ ਦੇਖਣ ਨੂੰ ਮਿਲੇ: ਯੂਥ ਕਾਂਗਰਸ
ਨਵੀਂ ਦਿੱਲੀ: ਭਾਰਤੀ ਯੂਥ ਕਾਂਗਰਸ ਨੇ ਅੱਜ ਦੇਸ਼ ਭਰ ਵਿੱਚ ਵਧਦੀ ਮਹਿੰਗਾਈ, ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਪੋਸਟਰ ਮੁਹਿੰਮ ਚਲਾਈ। ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨਿਵਾਸ ਬੀਵੀ ਨੇ ਕਿਹਾ ਕਿ ਮਹਿੰਗਾਈ ਦਾ ਬੋਝ ਲੋਕਾਂ ’ਤੇ ਲਗਾਤਾਰ ਵਧ ਰਿਹਾ ਹੈ। ਜਦੋਂ ਤੋਂ ਚੋਣਾਂ ਖਤਮ ਹੋਈਆਂ ਹਨ, ਲੋਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਸੱਤਾ ਦੇ ਨਸ਼ੇ ਵਿੱਚ ਧੁੱਤ ਸਰਕਾਰ ਸਿਰਫ਼ ਆਪਣਾ ਅਤੇ ਆਪਣੇ ਦੋਸਤਾਂ ਦਾ ਭਲਾ ਕਰਨ ਵਿੱਚ ਲੱਗੀ ਹੋਈ ਹੈ। ਉਸ ਨੂੰ ਨਾ ਤਾਂ ਲੋਕਾਂ ਦੀਆਂ ਤਕਲੀਫ਼ਾਂ ਨਜ਼ਰ ਆਉਂਦੀਆਂ ਹਨ ਅਤੇ ਨਾ ਹੀ ਉਸ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਹੈ। ਪੋਸਟਰ ਮੁਹਿੰਮ ਰਾਹੀਂ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੌਮੀ ਪ੍ਰਧਾਨ ਨੇ ਕਿਹਾ ਕਿ ‘ਅੱਛੇ ਦਿਨ’ ਦੀ ਝੂਠੀ ਬਿਆਨਬਾਜ਼ੀ ਦਾ ਖਮਿਆਜ਼ਾ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਮਹਿੰਗਾਈ ਨੂੰ ਲੈ ਕੇ ਸਰਕਾਰ ਭਾਵੇਂ ਕੋਈ ਵੀ ਕਾਰਨ ਦੱਸੇ ਪਰ ਅਸਲ ਕਾਰਨ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ। ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ ਚੋਣਾਂਵੀ ਕੰਟਰੋਲ ਤੋਂ ਮੁਕਤ ਹੁੰਦੇ ਹੀ ਬੇਲਗਾਮ ਹੋ ਗਈਆਂ ਹਨ। ਦੇਸ਼ ਦੀ ਜਨਤਾ ਭਾਜਪਾ ਦੇ ਮਹਿੰਗਾਈ ਦੇ ਕਾਂਡ ਨੂੰ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਇਹ ਸਮਝ ਨਹੀਂ ਆ ਰਹੀ ਹੈ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਕਰੀਬ 26.42 ਫੀਸਦੀ ਦੀ ਕਮੀ ਆਈ ਹੈ ਤਾਂ ਫਿਰ ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕਿਉਂ ਕੀਤਾ ਜਾ ਰਿਹਾ ਹੈ। ਮਹਿੰਗਾਈ ਕਾਰਨ ਆਮ ਆਦਮੀ ਦਾ ਜਿਊਣਾ ਦੁੱਭਰ ਹੋ ਗਿਆ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਪਿੱਛੇ ਕੋਈ ਹੋਰ ਕਾਰਨ ਨਹੀਂ ਸਗੋਂ ਸਰਕਾਰ ਦਾ ਲਾਲਚ ਹੈ। ਅੱਜ ਇੰਡੀਅਨ ਯੂਥ ਕਾਂਗਰਸ ਨੇ ਪੈਟਰੋਲੀਅਮ ਮੰਤਰਾਲੇ ਦੇ ਬਾਹਰ ਪੋਸਟਰ ਮੁਹਿੰਮ ਸ਼ੁਰੂ ਕੀਤੀ ਹੈ, ਅਜਿਹੇ ਪੋਸਟਰ ਦਿੱਲੀ ਅਤੇ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾਣਗੇ। ਅੱਛੇ ਦਿਨਾਂ ਦੇ ਝੂਠੇ ਵਾਅਦਿਆਂ ਦੀ ਜਨਤਾ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਯੂਥ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮਹਿੰਗਾਈ ਦੀ ਲੁੱਟ ਬੰਦ ਕੀਤੀ ਜਾਵੇ ਅਤੇ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਵੇ। ਕਾਂਗਰਸ ਦੇ ਕਾਰਕੁਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।