ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜਨਵਰੀ
ਦਿੱਲੀ ਦੇ ਨਾਲ-ਨਾਲ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ, ਦਿੱਲੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵਿੱਚ 2022-23 ਨਰਸਰੀ ਦੇ ਦਾਖਲੇ ਲਈ ਦੀ ਸਮਾਂ ਸੀਮਾ ਦੋ ਹਫ਼ਤਿਆਂ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਦਿੱਲੀ ਦੇ ਲਗਭਗ 1,800 ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਦਾਖਲਿਆਂ ਦੀ ਪ੍ਰਕਿਰਿਆ 15 ਦਸੰਬਰ ਨੂੰ ਸ਼ੁਰੂ ਹੋਈ ਸੀ ਤੇ ਅਰਜ਼ੀ ਵਿੰਡੋ 7 ਜਨਵਰੀ ਨੂੰ ਬੰਦ ਹੋਣ ਵਾਲੀ ਸੀ। ਸਿਸੋਦੀਆ ਨੇ ਟਵੀਟ ਕੀਤਾ, ‘ਕੋਵਿਡ ਦੀਆਂ ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਨਰਸਰੀ ਅਤੇ ਦਾਖਲਾ ਪੱਧਰ ਦੀਆਂ ਕਲਾਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਮਿਤੀ ਦੋ ਹਫ਼ਤਿਆਂ ਲਈ ਹੋਰ ਵਧਾਈ ਜਾ ਰਹੀ ਹੈ।’