ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਦਿੱਲੀ ਵੱਲੋਂ ਸਾਲਾਨਾ ਐੱਨਸੀਸੀ ਸਮਾਰੋਹ ‘ਫ਼ਤਹਿ-22’ ਕਰਵਾਇਆ ਗਿਆ। ਸਾਗਰ ਸਿੰਘ ਕਲਸੀ (ਡੀਸੀਪੀ ,ਉੱਤਰੀ ਜ਼ਿਲ੍ਹਾ) ਨੇ ਸਮਾਰੋਹ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਅਤੇ ਸਵੈ-ਅਨੁਸਾਸ਼ਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦਾ ਆਰੰਭ ‘ਅਨਹਦ ਡਿਵਨਟੀ ਸੁਸਾਇਟੀ’ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਕੀਤਾ। ‘ਤੇਗ਼ ਗਤਕਾ ਸੁਸਾਇਟੀ’ ਵੱਲੋਂ ਗਤਕੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸੁਕਐਡ ਡਰਿੱਲ, ਕੁਆਟਰ ਗਾਰਡ, ਬੈਸਟ ਕੈਡਿਟ ਪ੍ਰਤਿਯੋਗਤਾ ਤੋਂ ਇਲਾਵਾ ਸਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਕਰਨਲ ਸੁਸ਼ੀਲ ਬੁਗਾਲੀਆ, ਸੀਓ 5 ਡੀਬੀਐੱਨ ਤੇ ਸੂਬੇਦਾਰ ਰਵਿੰਦਰ ਸਿੰਘ ਨੇ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ, ਏਐੱਨਓ ਕੈਪਟਨ ਡਾ. ਗੁਰਿੰਦਰ ਸਿੰਘ, ਸੀਟੀਓ ਡਾ. ਨਿੰਮੀ ਸਿੰਘ ਅਤੇ ਐੱਨਸੀਸੀ ਦੇ ਵਾਲੰਟੀਅਰਾਂ ਦੀ ਦੇਖ-ਰੇਖ ਵਿਚ ਇਹ ਸਮਾਰੋਹ ਨੇਪਰੇ ਚੜ੍ਹਿਆ।