ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਕਤੂਬਰ
ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਮਾਜਿਕ ਚੇਤਨਾ ਪੈਦਾ ਕਰਨ ਲਈ ਅੱਜ ਮੋਤੀ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ‘ਸੰਵਿਧਾਨ ਕਹਿੰਦਾ ਹੈ-ਬੰਦੀ ਸਿੰਘ ਰਿਹਾਅ ਕਰੋ’ ਮੁਹਿੰਮ ਤਹਿਤ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਖਰਾਬ ਮੌਸਮ ਤੇ ਹਲਕੀ ਬਾਰਿਸ਼ ਦੌਰਾਨ ਪਹੁੰਚੇ ਸਾਰੇ ਇਨਸਾਫ ਪਸੰਦ ਕਾਰਕੁਨਾਂ ਨੇ ‘ਬੰਦੀ ਸਿੰਘ ਰਿਹਾ ਕਰੋ’ ਤੇ ‘ਸੰਵਿਧਾਨ ਕਹਿੰਦਾ ਹੈ-ਬੰਦੀ ਸਿੰਘ ਰਿਹਾਅ ਕਰੋ’ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਰਿਹਾਈ ਮੋਰਚੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਦੀ ਰੌਸ਼ਨੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਜਿਸ ਕਾਨੂੰਨ ਤਹਿਤ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਸਜ਼ਾ ਦਿੱਤੀ ਗਈ ਹੈ ਉਹੀਂ ਕਾਨੂੰਨ ਉਨ੍ਹਾਂ ਦੀ ਨਿਰਧਾਰਤ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਈ ਦੀ ਵਿਵਸਥਾ ਵੀ ਕਰਦਾ ਹੈ। ਪਰ ਰਾਸ਼ਟਰਪਤੀ ਰਾਜਪਾਲ ਤੇ ਸਜ਼ਾ ਸਮੀਖਿਆ ਦੀ ਭਾਰਤੀ ਪ੍ਰਣਾਲੀ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਨੂੰ ਹਮੇਸ਼ਾ ਲਟਕਾਉਂਦੀ ਰਹੀ ਹੈ। ਇਸ ਲਈ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਸਵਾਲ ਹੈ ਕਿ ਜੇਕਰ ਰਾਜੀਵ ਗਾਂਧੀ ਦੇ ਕਾਤਲਾਂ ਅਤੇ ਬਿਲਕੀਸ ਬਾਨੋ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਸਿਆਸੀ ਸਿੱਖ ਕੈਦੀਆਂ ਨੂੰ ਕਿਉਂ ਨਹੀਂ? ਬੰਦੀ ਸਿੰਘਾਂ ਵਿੱਚ ਸ਼ਾਮਲ ਕਿਸੇ ਵੀ ਸਿੱਖ ਕੈਦੀ ਦਾ ਅਪਰਾਧਿਕ ਪਿਛੋਕੜ ਨਹੀਂ ਸੀ। ਉਹ ਸਿਆਸੀ ਹਾਲਾਤਾਂ ਕਾਰਨ ਕੈਦੀ ਬਣੇ ਸਨ। ਇਸ ਮੌਕੇ “ਪੰਜਾਬੀ ਸਹਿਯੋਗ ਮੰਚ” ਦੇ ਵਿਜੇ ਕੁਮਾਰ ਭਾਟੀਆ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।