ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਦੇ ਦਲ ਦੇ ਕੌਮੀ ਆਗੂ ਅਵਤਾਰ ਸਿੰਘ ਹਿੱਤ ਨੇ ਕੁੱਝ ਧਿਰਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੇ ਚੌਲੇ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਕੁੱਝ ਧੜੇ ਡੇਰਾ ਸੌਦਾ ਸਾਧ ਨੂੰ ਚੌਲਾ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਜਾਣ ਬਾਰੇ ਬਿਆਨ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੁਨੀਲ ਜਾਖੜ ਦੇ ਪਿਤਾ ਨੇ ਹੀ ਨਵੰਬਰ 1984 ਸਮੇਂ ਮੰਦਭਾਗੇ ਬਿਆਨ ਸਿੱਖਾਂ ਬਾਰੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਨਾਕਾਮ ਸਾਬਤ ਹੋਈ ਹੈ ਤੇ ਆਪਣੀਆਂ ਕਮਜ਼ੋਰੀਆਂ ਤੋਂ ਧਿਆਨ ਲਾਂਭੇ ਕਰਨ ਲਈ ਮਾੜੀ ਰਾਜਨੀਤੀ ’ਤੇ ਉੱਤਰ ਆਏ ਹਨ। ਇਸੇ ਦੌਰਾਨ ਦਿੱਲੀ ਦੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਸ੍ਰੀ ਹਿਤ ਦਾ ਸਵਾਗਤ ਕੀਤਾ ਗਿਆ।