ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੂਨ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਵਿੱਚ ਭਾਜਪਾ ਦਾ ਇੱਕ ਵਫਦ ਅੱਜ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਵੀਰ ਸਿੰਘ ਨੂੰ ਮਿਲਿਆ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਲੋਂ ਇੱਕ ਨਿੱਜੀ ਟੀਵੀ ’ਤੇ ਰਾਜਿੰਦਰ ਨਗਰ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਰਾਜੇਸ਼ ਭਾਟੀਆ ਨੂੰ ਪਾਕਿਸਤਾਨੀ ਕਹੇ ਜਾਣ ’ਤੇ ਇਤਰਾਜ਼ ਜ਼ਾਹਿਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਨਾਲ ਚੋਣ ਜ਼ਾਬਤੇ ਦੀ ਅਣਦੇਖੀ ਕੀਤੀ ਗਈ ਹੈ। ਵਫ਼ਦ ਵਿੱਚ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਹਰਸ਼ ਮਲਹੋਤਰਾ, ਵਿਧਾਇਕ ਅਜੇ ਮਹਾਵਰ ਤੇ ਵਕੀਲ ਸ਼ਾਮਲ ਸਨ। ਮੁੱਖ ਚੋਣ ਅਫ਼ਸਰ ਨਾਲ ਮੁਲਾਕਾਤ ਕਰਨ ਉਪਰੰਤ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਭਾਜਪਾ ਉਮੀਦਵਾਰ ਰਾਜੇਸ਼ ਭਾਟੀਆ ਨੂੰ ਪਾਕਿਸਤਾਨੀ ਕਹਿ ਕੇ ਚੋਣ ਆਦਰਸ਼ ਜ਼ਾਬਤੇ ਦੀ ਵੀ ਉਲੰਘਣਾ ਕੀਤੀ ਹੈ।