ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਹਾਈ ਕੋਰਟ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕੈਬਨਿਟ ਮੰਤਰੀ ਇਮਰਾਨ ਹੁਸੈਨ ਖ਼ਿਲਾਫ਼ ਇੱਕ ਅਰਜ਼ੀ ਖਾਰਜ ਕਰ ਦਿੱਤੀ, ਜਿਸ ’ਚ ਕਥਿਤ ਤੌਰ ’ਤੇ ਹੁਸੈਨ ਦੁਆਰਾ ਆਕਸੀਜਨ ਸਿਲੰਡਰ ਜਮ੍ਹਾਂ ਕਰਨ ਅਤੇ ਉਨ੍ਹਾਂ ਨੂੰ ਰਾਜਸੀ ਲਾਭ ਲਈ ਵੰਡਣ ਦਾ ਦੋਸ਼ ਲਾਇਆ ਗਿਆ ਸੀ। ਕੋਵਿਡ-19 ਦੀਆਂ ਪਟੀਸ਼ਨਾਂ ’ਚ ਅਦਾਲਤ ਦੀ ਸਹਾਇਤਾ ਕਰਨ ਵਾਲਾ ਐਮਿਕਸ ਕਿਊਰੀ, ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੇ ਇਸ ਘਟਨਾ ਦੀ ਜਾਂਚ ਕੀਤੀ ਤੇ ਅਦਾਲਤ ਨੂੰ ਇਕ ਰਿਪੋਰਟ ਸੌਂਪ ਦਿੱਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਸੈਨ ਨੇ ਆਕਸੀਜਨ ਫਰੀਦਾਬਾਦ ਤੋਂ ਮੰਗਵਾਈ ਸੀ ਨਾ ਕਿ ਦਿੱਲੀ ਤੋਂ। ਇਮਰਾਨ ਹੁਸੈਨ ਆਪਣੇ ਨਿੱਜੀ ਖਰਚਿਆਂ ਤੋਂ ਕਿਰਾਏ ’ਤੇ ਆਕਸੀਜਨ ਸਿਲੰਡਰ ਲੈ ਗਿਆ ਸੀ। ਇਸ ਤੋਂ ਪਹਿਲਾਂ ‘ਆਪ’ ਕੈਬਨਿਟ ਮੰਤਰੀ ਇਮਰਾਨ ਹੁਸੈਨ ਨੂੰ ਉਨ੍ਹਾਂ ਦੇ ਦਾਅਵੇ ਦੇ ਹੱਕ ’ਚ ਦਸਤਾਵੇਜ਼ ਦਾਇਰ ਕਰਨ ਦੀ ਹਦਾਇਤ ਕੀਤੀ ਗਈ ਸੀ। ਅਦਾਲਤ ਨੇ ਵਿਧਾਇਕ ਨੂੰ ਵੀ ਇਸ ਮਾਮਲੇ ’ਤੇ ਆਪਣਾ ਜਵਾਬ ਦਾਇਰ ਕਰਨ ਅਤੇ ਸੁਣਵਾਈ ਦੌਰਾਨ ਉਸ ਨੂੰ ਨਿੱਜੀ ਤੌਰ ’ਤੇ ਮੌਜੂਦ ਰਹਿਣ ਲਈ ਕਿਹਾ ਸੀ। ਉਸਨੇ ਕਿਹਾ, ‘‘ਆਕਸੀਜਨ ਵੋਟਾਂ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।’’ ਵੇਦਾਂਸ਼ ਆਨੰਦ ਦੁਆਰਾ ਦਾਇਰ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ ਇਹ ‘ਆਪ’ ਆਗੂ ਦੇ ਤਸਦੀਕ ਕੀਤੇ ਗਏ ਫੇਸਬੁੱਕ ਹੈਂਡਲ ਉੱਤੇ ਪਾਈਆਂ ਤਸਵੀਰਾਂ ਦੇ ਆਧਾਰ ਉੱਤੇ ਇੱਕ ਪੋਸਟ ਦਾਇਰ ਕੀਤੀ ਗਈ ਸੀ, ਜਿਸ ’ਚ ਲੋਕਾਂ ਨੂੰ ਆਕਸੀਜਨ ਸਿਲੰਡਰ ਲੈਣ ਲਈ ’ਚ ਲੰਬੀ ਕਤਾਰ ਵਿੱਚ ਖੜ੍ਹੇ ਦੇਖਿਆ ਗਿਆ ਸੀ।