ਨਵੀਂ ਦਿੱਲੀ (ਪੱਤਰ ਪ੍ਰੇਰਕ): ਜਪ ਜਾਪ ਸੇਵਾ ਟਰੱਸਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿੱਚ ਦਸਤਾਰ ਮੁਕਾਬਲਾ ਕਰਵਾਇਆ ਗਿਆ। ਦਸਤਾਰ ਤੇ ਦੁਮਾਲਾ ਮੁਕਾਬਲੇ ਲਈ 6 ਤੋਂ 12 ਸਾਲ ਤੇ 13 ਤੋਂ 18 ਸਾਲ ਉਮਰ ਦੇ ਵੱਖੋ-ਵੱਖ ਗਰੁੱਪ ਬਣਾਏ ਗਏ ਸਨ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੁੱਲ 90 ਅਰਜ਼ੀਆਂ ਆਈਆਂ ਸਨ ਪਰ ਮੁਕਾਬਲੇ ਵਿੱਚ 54 ਬੱਚਿਆਂ ਨੇ ਭਾਗ ਲਿਆ। ਹਰ ਗਰੁੱਪ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਏ ਬੱਚਿਆਂ ਨੂੰ ਕ੍ਰਮਵਾਰ 1100, 700 ਤੇ 500 ਰੁਪਏ ਦੇ ਨਗਦ ਇਨਾਮ ਦੇ ਨਾਲ ਇੱਕ ਦਸਤਾਰ ਤੇ ਯਾਦਗਾਰੀ ਚਿੰਨ੍ਹ ਵੀ ਦਿੱਤਾ ਗਿਆ। ਬਾਕੀ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ। ਟਰੱਸਟ ਵੱਲੋਂ ਸਮੂਹ ਪਤਵੰਤਿਆਂ ਸਣੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਟਰੱਸਟ ਵੱਲੋਂ ਹਰਜੀਤ ਸਿੰਘ, ਸਤਨਾਮ ਸਿੰਘ ਤੇ ਸੁਰਿੰਦਰ ਪਾਲ ਸਿੰਘ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ।