ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪੂਰੀ ਦਿੱਲੀ ਨੂੰ ਕੂੜਾ ਕਰਨ ਵਿੱਚ ਲੱਗੀ ਹੋਈ ਹੈ। ਇੱਕ ਤੋਂ ਬਾਅਦ ਇੱਕ ਕੰਪਨੀਆਂ ਅਦਾਇਗੀ ਨਾ ਹੋਣ ਕਾਰਨ ਕੂੜਾ ਚੁੱਕਣਾ ਬੰਦ ਕਰ ਰਹੀਆਂ ਹਨ। ਪਹਿਲਾਂ ਮੈਟਰੋ ਵੈਸਟ ਨਾਂ ਦੀ ਕੰਪਨੀ ਨੇ ਕੂੜਾ ਇਕੱਠਾ ਕਰਨਾ ਬੰਦ ਕਰ ਦਿੱਤਾ ਤੇ ਹੁਣ ਏਜੀ ਇਨਵੀਰੋ ਨਾਂ ਦੀ ਕੰਪਨੀ ਨੇ ਵੀ ਕੂੜਾ ਨਾ ਚੁੱਕਣ ਲਈ ਐੱਮਸੀਡੀ ਨੂੰ ਪੱਤਰ ਲਿਖਿਆ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੂੜਾ ਚੁੱਕਣ ਦੀ ਵਿਵਸਥਾ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ। ਦੁਰਗੇਸ਼ ਪਾਠਕ ਨੇ ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਕੂੜੇ ਦੀ ਸਥਿਤੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਕਰੋਲਬਾਗ ਦੇ ਕਰੀਬ 7 ਵਾਰਡਾਂ ਵਿੱਚ ਪਿਛਲੇ 10 ਦਿਨਾਂ ਤੋਂ ਕੂੜਾ ਇਕੱਠਾ ਨਹੀਂ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੈਟਰੋ ਵੈਸਟ ਨਾਂ ਦੀ ਕੰਪਨੀ, ਜੋ ਕੂੜਾ ਇਕੱਠਾ ਕਰਨ ਦਾ ਕੰਮ ਕਰਦੀ ਹੈ, ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ। ਅੱਜ ਏਜੀ ਇਨਵੀਰੋ ਨਾਂ ਦੀ ਇਕ ਹੋਰ ਕੰਪਨੀ ਨੇ ਵੀ ਕੂੜਾ ਇਕੱਠਾ ਕਰਨਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਐਮਸੀਡੀ ਨੂੰ ਪੱਤਰ ਲਿਖਿਆ ਹੈ ਕਿ ਜੇ ਕੰਪਨੀ ਨੂੰ ਪੈਸੇ ਨਹੀਂ ਦਿੱਤੇ ਤਾਂ ਸਾਨੂੰ ਕੂੜਾ ਇਕੱਠਾ ਕਰਨਾ ਵੀ ਬੰਦ ਕਰਨਾ ਪਵੇਗਾ। ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਦਿੱਲੀ ਵਿੱਚ ਕੂੜਾ ਇਕੱਠਾ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਇੱਕ ਇੱਕ ਕਰਕੇ ਪੈਸੇ ਦੀ ਕਮੀ ਕਾਰਨ ਆਪਣੇ ਕੰਮ ਤੋਂ ਹਟ ਰਹੀਆਂ ਹਨ।
ਦੁਰਗੇਸ਼ ਪਾਠਕ ਵੱਲੋਂ ਮੁਲਜ਼ਮਾਂ ਨੂੰ ਭੜਕਾਉਣ ਦੀ ਕੋਸ਼ਿਸ਼: ਭਾਜਪਾ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਪਿਛਲੇ 7 ਸਾਲਾਂ ਵਿੱਚ ਉੱਤਰੀ ਨਗਰ ਨਿਗਮ ਸਮੇਤ ਤਿੰਨੋਂ ਨਿਗਮਾਂ ਨੂੰ ਵਿੱਤੀ ਤੌਰ ‘ਤੇ ਲਕਵਾ ਮਾਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਨਿਗਮ ਨੂੰ ਆਪਣੇ ਠੇਕੇਦਾਰਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤੇ ਉਹ ਠੇਕੇਦਾਰਾਂ ਨੂੰ ਸੇਵਾਵਾਂ ਲਈ ਭੁਗਤਾਨ ਕਰਨ ਵਿੱਚ ਅਸਮਰੱਥ ਹੈ। ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਹਰ ਰੋਜ਼ ਸਫ਼ਾਈ ਆਦਿ ਨੂੰ ਲੈ ਕੇ ਦਿੱਲੀ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਨਿਗਮ ਕਰਮਚਾਰੀ ਫਿਰ ਵੀ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ। ਬੁਲਾਰੇ ਨੇ ਕਿਹਾ ਹੈ ਕਿ ਉਹ ਪਹਿਲਾਂ ਮੁਲਾਜ਼ਮਾਂ ਦੀ ਹੜਤਾਲ ਨਾ ਕਰਵਾ ਸਕੇ ਤੇ ਨਾ ਹੀ ਹੁਣ ਠੇਕੇਦਾਰ ਕੰਪਨੀਆਂ ਤੋਂ ਕੰਮ ਬੰਦ ਕਰਵਾ ਸਕਣਗੇ।